ਪੰਜਾਬ ਸਰਕਾਰ ਨੇ ਨੌਜਵਾਨੀ ਦਾ ਭਵਿੱਖ ਦਾਅ ’ਤੇ ਲਾਇਆ : ਜੀਟੀਯੂ
ਪੰਜਾਬ ਸਰਕਾਰ ਨੇ ਨੌਜਵਾਨੀ ਦਾ ਭਵਿੱਖ ਦਾਅ ’ਤੇ ਲਾਇਆ -ਜੀਟੀਯੂ
Publish Date: Sat, 02 May 2026 06:32 PM (IST)
Updated Date: Sat, 02 May 2026 06:35 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਆਖਿਆ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਜਨਗਣਨਾ ਦੀਆਂ ਟ੍ਰੇਨਿੰਗਾਂ ਦੇ ਨਾਂ ’ਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਉਜਾੜਾ ਕਰਨ ਦਾ ਮਨ ਬਣਾ ਲਿਆ ਹੈ। ਆਗੂਆਂ ਨੇ ਦੱਸਿਆ ਕਿ ਲਗਭਗ ਇੱਕ ਮਹੀਨੇ ਤੋਂ ਜਨਗਣਨਾ ਦੀਆਂ ਟ੍ਰੇਨਿੰਗਾਂ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਦੇ ਅਧਿਆਪਕਾਂ ਨੂੰ ਵੱਡੀ ਪੱਧਰ ਤੇ ਟ੍ਰੇਨਿੰਗਾਂ ਵਿੱਚ ਬੁਲਾਇਆ ਜਾ ਰਿਹਾ। ਉਹਨਾਂ ਕਿਹਾ ਕਿ 95 ਫ਼ੀਸਦੀ ਦੇ ਕਰੀਬ ਪ੍ਰਾਇਮਰੀ ਸਕੂਲ ਨੂੰ ਜਨਗਣਨਾ ਦੌਰਾਨ ਤਾਲੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਇੱਕ ਵੀ ਅਧਿਆਪਕ ਨੂੰ ਨਹੀਂ ਛੱਡਿਆ ਜਾ ਰਿਹਾ। ਆਗੂਆਂ ਨੇ ਕਿਹਾ ਕਿ ਇਸ ਤੋਂ ਸਾਫ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਸੀ, ਉਸ ਪੰਜਾਬ ਸਰਕਾਰ ਤੋਂ ਸਿੱਖਿਆ ਕ੍ਰਾਂਤੀ ਪੂਰੀ ਤਰ੍ਹਾਂ ਹਾਰ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਪੰਜਾਬ ਸਰਕਾਰ ਦਾਅ ਤੇ ਲਾ ਚੁੱਕੀ ਹੈ ਕਿਉਂਕਿ ਜਦੋਂ ਸਕੂਲਾਂ ਵਿੱਚ ਅਧਿਆਪਕ ਨਹੀਂ ਹੋਣਗੇ ਤਾਂ ਬੱਚਿਆਂ ਦੀ ਪੜ੍ਹਾਈ ਕਿਵੇਂ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਜਨਗਣਨਾ ਡਿਊਟੀ ਦੇ ਨਾਲ-ਨਾਲ ਅਧਿਆਪਕਾਂ ਦੀ ਵੱਡੇ ਪੱਧਰ ਤੇ ਬੀਐੱਲਓ ਡਿਊਟੀ, ਪਰਾਲੀ ਸਾੜਨ ਸਬੰਧੀ, ਸਿਹਤ ਬੀਮਾ ਕਾਰਡ ਹੋਰ ਅਨੇਕਾਂ ਗੈਰ ਵਿੱਦਿਅਕ ਡਿਊਟੀਆਂ ਦਾ ਸਦਕਾ ਮਾਨਸਿਕ ਦਬਾਅ ਬਣਿਆ ਹੋਇਆ ਹੈ। ਉਨਾਂ ਦੱਸਿਆ ਕਿ 13 ਮਈ ਤੋਂ ਸ਼ੁਰੂ ਹੋਣ ਜਾ ਰਹੇ ਜਨਗਣਨਾ ਦੇ ਪ੍ਰੋਗਰਾਮ ਵਿੱਚ 90 ਫ਼ੀਸਦੀ ਸਕੂਲਾਂ ਨੂੰ ਤਾਲੇ ਲੱਗ ਜਾਣਗੇ ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਇਸ ਪ੍ਰਤੀ ਬਿਲਕੁਲ ਵੀ ਕੋਈ ਧਿਆਨ ਨਹੀਂ ਹੈ। ਇਸ ਮੌਕੇ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ ਆਦਿ ਹਾਜ਼ਰ ਸਨ।