ਗੌਰਮਿੰਟ ਏਡਿਡ ਸਕੂਲ਼ਜ਼ ਪ੍ਰੋਗਰੈਸਿਵ ਫਰੰਟ ਨੇ ਅਹਿਮ ਮਸਲੇ ਵਿਚਾਰੇ
ਗੌਰਮਿੰਟ ਏਡਿਡ ਸਕੂਲ਼ਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੀ ਮੀਟਿੰਗ ਹੋਈ
Publish Date: Mon, 27 Apr 2026 05:22 PM (IST)
Updated Date: Mon, 27 Apr 2026 05:25 PM (IST)

- ਫੋਟੋ 27ਪੀਟੀਐਲ:14 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਗੌਰਮਿੰਟ ਏਡਿਡ ਸਕੂਲ਼ਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਇਕ ਅਹਿਮ ਬੈਠਕ ਸੂਬਾ ਪ੍ਰਧਾਨ ਐੱਡਵੋਕੇਟ ਉਪਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਹ ਬੈਠਕ ਵਿਸ਼ੇਸ਼ ਤੌਰ ’ਤੇ ਖਾਲਸਾ ਸੇਵਕ ਜਥਾ ਹਾਈ ਸਕੂਲ ਪਟਿਆਲਾ ਦੀ ਮੁੱਖ ਅਧਿਆਪਕਾ ਮਨਿੰਦਰ ਕੌਰ ਦੀ ਸੇਵਾਮੁਕਤੀ ਉਪਰੰਤ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਦੋ ਮਹੀਨੇ ਬੀਤਣ ਉਪਰੰਤ ਇਨ੍ਹਾਂ ਦੇ ਆਪਣੇ ਬਣਦੇ ਜੀ.ਪੀ.ਐੱਫ. ਫੰਡ ਅਤੇ ਪੈਨਸ਼ਨ ਕੇਸ ਤਿਆਰ ਨਾ ਕਰਨ ਸਬੰਧੀ ਰੱਖੀ ਗਈ ਸੀ। ਜਾਣਕਾਰੀ ਦਿੰਦਿਆਂ ਫਰੰਟ ਦੇ ਸਕੱਤਰ ਗੁਰਦੀਸ਼ ਸਿੰਘ ਨੇ ਕਿਹਾ ਕਿ ਸਾਰੇ ਹਾਜ਼ਰ ਸਾਥੀਆਂ ਨੇ ਖਾਲਸਾ ਸੇਵਕ ਜਥਾ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮਨਿੰਦਰ ਕੌਰ ਖਾਲਸਾ ਦੀ ਸਕੂਲ ਲਈ ਕੀਤੀ ਗਈ ਨਿਸਵਾਰਥ ਲੰਮੀ ਸੇਵਾ ਦੀ ਬਿਲਕੁਲ ਵੀ ਕਦਰ ਨਹੀਂ ਕੀਤੀ। ਫਰੰਟ ਸੂਬਾ ਪ੍ਰਧਾਨ ਬਰਾੜ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਹਿਲਾਂ ਤਾਂ ਪ੍ਰਬੰਧਕ ਕਮੇਟੀ ਵੱਲੋਂ ਗੈਰਵਾਜ਼ਬ ਤਰੀਕੇ ਨਾਲ ਜ਼ਬਰਦਸਤੀ ਮਨਿੰਦਰ ਕੌਰ ਨੂੰ ਪ੍ਰੀ ਮੈਚਿਉਰ ਰਿਟਾਇਰਮੈਂਟ ਲੈਣ ਲਈ ਮਜਬੂਰ ਕੀਤਾ ਗਿਆ। ਹਾਲਾਂਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਵੀ ਪੱਤਰ ਤਹਿਤ ਸਕੂਲ ਨੂੰ ਇਸ ਸਬੰਧੀ ਪੱਤਰ ਕੱਢਿਆ ਜਾ ਚੁੱਕਾ ਹੈ ਪਰ ਲਗਦਾ ਹੈ ਕਿ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਦੇ ਹੁਕਮਾਂ ਨੂੰ ਵੀ ਟਿੱਚ ਕਰਕੇ ਜਾਣਦੀ ਹੈ, ਇਸ ਕਮੇਟੀ ਨੂੰ ਤੁਰੰਤ ਭੰਗ ਕਰ ਦੇਣਾ ਚਾਹੀਦਾ ਹੈ। ਜਥੇਬੰਦੀ ਪ੍ਰਧਾਨ ਨੇ ਅੱਗੇ ਦੱਸਿਆ ਕਿ ਖਾਲਸਾ ਸੇਵਕ ਜਥਾ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਗੈਰਸੰਵਿਧਾਨਕ ਤਰੀਕੇ ਨਾਲ ਅਤੇ ਮਹਿਕਮੇ ਨੂੰ ਬਿਨਾਂ ਇਤਲਾਹ ਦਿੱਤੇ ਹੀ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ ਪਟਿਆਲਾ ਚ ਮਿਲਾਉਣਾ ਅਤੇ ਖਾਲਸਾ ਸੇਵਕ ਜਥਾ ਹਾਈ ਸਕੂਲ ਪਟਿਆਲਾ ਦੀ ਜ਼ਮੀਨ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਭਾਰੀ ਰਕਮਾਂ ਲੈ ਕੇ ਸਕੂਲ ਦੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਅਤੇ ਖੇਡ ਦੇ ਮੈਦਾਨ ਨੂੰ ਲੀਜ਼ ਤੇ ਕਰਨਾ ਇੱਕ ਵੱਡਾ ਅਪਰਾਧ ਹੈ । ਇਸ ਤੋਂ ਇਲਾਵਾ ਇਸ ਸਕੂਲ ਦੇ ਅਣ-ਏਡਿਡ ਸਟਾਫ ਦੇ ਨਾਲ ਵੀ ਵੱਡੇ ਪੱਧਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾ ਅੱਜ ਤੱਕ ਨਾ ਹੀ ਈ.ਪੀ.ਐੱਫ. ਕੱਟਿਆ ਗਿਆ ਹੈ ਅਤੇ ਨਾ ਹੀ ਇਸ ਤਹਿਤ ਬਣਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਅਖੀਰ ਵਿਚ ਫਰੰਟ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਦਸ ਦਿਨਾਂ ਦੇ ਅੰਦਰ ਅੰਦਰ ਸਕੂਲ ਦੀ ਪ੍ਰਬੰਧਕ ਕਮੇਟੀ ਮਨਿੰਦਰ ਕੌਰ ਦੇ ਪੈਨਸ਼ਨ ਕੇਸ ਬਣਾ ਕੇ ਵਿਭਾਗ ਨੂੰ ਨਹੀਂ ਭੇਜਦੀ ਤਾਂ ਸਕੂਲ ਅੱਗੇ ਧਰਨੇ ਲਗਾਉਣ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਦੇ ਅੱਗੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।