ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਪੂਰਾ ਕਰੇ ਸਰਕਾਰ : ਮੰਗਵਾਲ
ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਪੂਰਾ ਕਰੇ ਸਰਕਾਰ: ਮੰਗਵਾਲ
Publish Date: Sun, 10 May 2026 03:54 PM (IST)
Updated Date: Mon, 11 May 2026 04:00 AM (IST)

ਕਿਹਾ: ਪੈਨਲ ਮੀਟਿੰਗਾਂ ’ਚ ਦਿੱਤਾ ਗਿਆ ਸੀ ਭਰੋਸਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਮਲਟੀਪਰਪਜ ਕੇਡਰ ਦੀਆਂ ਮੰਗਾਂ ਦੇ ਹੱਲ ਸਬੰਧੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਦਿੱਤੇ ਭਰੋਸੇ ਨੂੰ ਸਰਕਾਰ ਬਿਨਾਂ ਦੇਰੀ ਲਾਗੂ ਕਰਨ ਨੂੰ ਯਕੀਨੀ ਬਣਾਵੇ। ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਫਤਿਹਗੜ੍ਹ, ਨਰਿੰਦਰ ਸ਼ਰਮਾ, ਅਵਤਾਰ ਸਿੰਘ ਗੰਢੂਆਂ , ਜਸਵਿੰਦਰ ਪੰਧੇਰ, ਬਲਜਿੰਦਰ ਬਰਨਾਲਾ,ਨਿਗਾਹੀ ਰਾਮ ਕੁਠਾਲਾ, ਦਲਜੀਤ ਢਿੱਲੋਂ, ਕੁਲਵਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਗੁੱਜਰਾਂ ਨੇ ਆਖਿਆ ਕਿ ਪਿਛਲੇ ਮਹੀਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਥੇਬੰਦੀ ਦੇ ਆਗੂਆਂ ਨਾਲ ਪੈਨਲ ਮੀਟਿੰਗ ਦੌਰਾਨ ਮਲਟੀਪਰਪਜ ਕੇਡਰ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਮੰਨੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਸੀਨੀਆਰਤਾ ਸੂਚੀਆਂ ਜਾਰੀ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਤਰੱਕੀਆਂ ਅਤੇ ਹੋਰ ਵਿਭਾਗੀ ਲਾਭਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਚੁਣੇ ਹੋਏ ਐਮਪੀਡਬਲਿਊ ਮੇਲ ਫੀਮੇਲ ਉਮੀਦਵਾਰਾਂ ਨੂੰ ਵੀ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਪੂਰੀ ਨਹੀਂ ਹੋ ਰਹੀ । ਜਿਸ ਨਾਲ ਸਿਹਤ ਸੰਸਥਾਵਾਂ ਵਿੱਚ ਸਟਾਫ ਦੀ ਘਾਟ ਮਹਿਸੂਸ ਹੋ ਰਹੀ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੇਡਰ ਨਾਮ ਬਦਲੀ, ਕੱਟੇ ਭੱਤੇ ਬਹਾਲ ਕਰਨ, ਏ ਸੀ ਪੀ ਸਕੀਮ ਬਹਾਲ ਕਰਨ, ਟ੍ਰੇਨਿੰਗ ਸੈਂਟਰ ਚਾਲੂ ਕਰਨ ਸਮੇਤ ਬਾਕੀ ਮੰਗਾਂ ਤੇ ਵੀ ਸਿਰਫ ਡੰਗ ਟਪਾਈ ਹੋ ਰਹੀ ਹੈ । ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਟਾਲ ਮਟੋਲ ਕਰਦੀ ਰਹੀ ਤਾਂ ਸਾਰੇ ਜ਼ਿਲ੍ਹਿਆਂ ਵਿੱਚ ਸੰਘਰਸ਼ ਵਿੱਢਿਆ ਜਾਵੇਗਾ।