ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਮੈਨੇਜਰਾਂ ’ਤੇ ਪਰਚੇ ਦਰਜ ਕਰੇ ਸਰਕਾਰ : ਡੱਲੇਵਾਲ
ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਮੈਨੇਜਰਾਂ ਤੇ ਪਰਚੇ ਦਰਜ ਕਰੇ ਸਰਕਾਰ- ਡੱਲੇਵਾਲ
Publish Date: Sat, 16 May 2026 06:07 PM (IST)
Updated Date: Sun, 17 May 2026 04:09 AM (IST)

ਕਿਹਾ- ਬੈਂਕ ਮੈਨੇਜਰਾਂ ਨੇ ਕਿਸਾਨਾਂ ਤੋਂ ਲਏ ਨੇ ਖਾਲੀ ਚੈੱਕ ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਸੜਕਾਂ ਜਾਮ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕੌਮੀ ਕਨਵੀਨਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਤੋਂ ਖਾਲੀ ਚੈੱਕ ਲੈਣ ਵਾਲੇ ਬੈਂਕ ਮੈਨੇਜਰਾਂ ਦੇ ਖ਼ਿਲਾਫ਼ ਮਾਮਲੇ ਦਰਜ਼ ਕਰ ਕੇ ਜੇਲ੍ਹਾਂ ਵਿੱਚ ਡੱਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਮਰਸ਼ੀਅਲ ਬੈਂਕਾਂ ਦੀ ਤਰਜ਼ ਤੇ ਸਹਿਕਾਰੀ ਬੈਂਕਾਂ ਵਿਚ ਵੀ ਯਕਮੁਸ਼ਤ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਅੱਗੇ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਨੂੰ ਜਿੰਦਰਾ ਮਾਰਕੇ ਚੱਲ ਰਹੇ ਪੱਕੇ ਧਰਨੇ ਦੇ ਪੰਜਵੇ ਦਿਨ ਸ਼ਮੂਲੀਅਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮਜਬੂਰੀ ਵੱਸ ਕਰਜ਼ਾ ਨਾ ਮੋੜ ਸਕਣ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰ ਕੇ ਉਗਰਾਹੀ ਕਰਨ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ। ਖੇਤੀਬਾੜੀ ਵਿਕਾਸ ਬੈਂਕਾਂ ਨੇ ਲੱਗਭਗ ਹਰ ਕਿਸਾਨ ਦੇ ਖਾਲੀ ਚੈੱਕ ਲੈ ਕੇ ਰੱਖੇ ਹੋਏ ਹਨ, ਜਿਹੜਾ ਗੈਰ ਕਾਨੂੰਨੀ ਵਰਤਾਰਾ ਹੈ। ਉਨ੍ਹਾਂ ਆਖਿਆ ਕਿ ਬੈਂਕਾਂ ਦੁਆਰਾ ਖਾਲੀ ਚੈੱਕਾਂ ਦੇ ਆਧਾਰ ’ਤੇ ਕਿਸਾਨਾਂ ਦੇ ਖ਼ਿਲਾਫ਼ ਅਦਾਲਤਾਂ ਵਿਚ ਕੇਸ ਪਾਉਂਦੇ ਹਨ, ਕਿਸਾਨ ਜੇਲ੍ਹ ਜਾਂਦਾ ਤੇ ਫਿਰ ਉਹ ਜੇਲ੍ਹ ਤੋਂ ਡਰਦਾ ਆਪਣੀ ਜ਼ਮੀਨ ਵੇਚਦਾ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਤੋਂ ਲਏ ਖਾਲੀ ਚੈੱਕ ਵਾਪਸ ਕਰਵਾਉਣ ਤੇ ਕਿਸਾਨਾਂ ਖ਼ਿਲਾਫ਼ ਚੈੱਕ ਬਾਉਂਸ ਕਰਵਾਕੇ ਲਾਏ ਕੇਸ ਵਾਪਸ ਕਰਾਉਣ ਲਈ ਸੰਘਰਸ਼ ਕਰ ਰਹੇ ਹਾ। ਕਰਜ਼ਾ ਲੈਣ ਸਮੇਂ ਕਿਸਾਨਾਂ ਤੋਂ ਸਕਿਊਰਿਟੀ ਵਜੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਈਆਂ ਹਨ ਤਾਂ ਦੂਜੀ ਸਕਿਊਰਿਟੀ ਵਜੋਂ ਖਾਲੀ ਚੈੱਕ ਲੈਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਜਿਹੜੇ ਮੈਨੇਜਰਾਂ ਨੇ ਖਾਲੀ ਚੈੱਕ ਲੈ ਕੇ ਰੱਖੇ ਹੋਏ ਹਨ ਸਰਕਾਰ ਉਨ੍ਹਾਂ ਮੈਨੇਜਰਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਬੈਂਕਾਂ ਨਾਲ ਸਬੰਧਿਤ ਮੰਗਾਂ ਜਲਦ ਨਾ ਮੰਨੀਆ ਤਾਂ ਆਉਣ ਵਾਲੇ ਦਿਨਾਂ ਚ ਸੜਕਾਂ ਜਾਮ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਬਖਸੀਸ ਸਿੰਘ ਬਾਲਦ ਕਲਾਂ, ਕੇਵਲ ਸਿੰਘ ਜਵੰਧਾ, ਰਾਮਫਲ ਸਿੰਘ ਝਲੂਰ, ਕਰਮਜੀਤ ਸਿੰਘ ਬਾਲਦ ਕਲਾਂ,ਜਸਵੰਤ ਸਿੰਘ ਛਾਹੜ, ਜਤਿੰਦਰ ਸਿੰਘ ਜਲੂਰ ,ਦਲੇਲ ਸਿੰਘ ਚੱਠਾ, ਮਨਿੰਦਰ ਸਿੰਘ ਲਦਾਲ,ਕਾਲਾ ਸਿੰਘ ਜਵੰਧਾ,ਦੇਵ ਸਿੰਘ ਖਡਿਆਲ, ਬਿੰਦਰ ਲਹਿਲ ਕਲਾਂ, ਮਨਜੀਤ ਸਿੰਘ ਖਾਈ, ਮਨਪ੍ਰੀਤ ਸਿੰਘ ਗਾਗਾ, ਅਵਤਾਰ ਸਿੰਘ ਰਾਮਪੁਰਾ, ਪ੍ਰਿੰਸ ਗੰਢੂਆਂ, ਹਰਜਿੰਦਰ ਸਿੰਘ ਮਹਿਲਾ ਹਾਜ਼ਰ ਸਨ।