ਫੋਕੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਖਰਚ ਰਹੀ ਸਰਕਾਰ, ਮੁਲਾਜ਼ਮਾਂ ਲਈ ਖਜ਼ਾਨਾ ਖਾਲੀ : ਭੁੱਟਾ
ਫੋਕੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਰਹੀ ਸਰਕਾਰ, ਮੁਲਾਜ਼ਮਾਂ ਲਈ ਖਜ਼ਾਨਾ ਖਾਲੀ : ਭੁੱਟਾ
Publish Date: Thu, 07 May 2026 08:31 PM (IST)
Updated Date: Fri, 08 May 2026 04:18 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਅੱਜ ਸਾਨੀਪੁਰ ਰੋਡ ’ਤੇ ਸਥਿਤ ਰਾਮਦਾਸ ਨਗਰ ਵਿਖੇ ਪਾਰਟੀ ਆਗੂ ਰਣਜੀਤ ਸਿੰਘ ਦੀ ਅਗਵਾਈ ਹੇਠ ਰੱਖੇ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਪਣੀ ਝੂਠੀ ਇਸ਼ਤਿਹਾਰਬਾਜ਼ੀ ਉੱਤੇ ਤਾਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਜਦੋਂ ਕਿ ਮੁਲਾਜ਼ਮਾਂ ਦਾ ਬਕਾਇਆ ਦੇਣ ਵਾਸਤੇ ਸਰਕਾਰ ਕੋਲ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਪਣੀ ਫੋਕੀ ਵਾਹੋ-ਵਾਹੀ ਲੁੱਟਣ ਲਈ ਅਰਬਾਂ ਰੁਪਏ ਵਿਅਰਥ ਖਰਚ ਕਰ ਰਹੀ ਹੈ ਜਿਸ ਦਾ ਹਿਸਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ। ਭੁੱਟਾ ਨੇ ਕਿਹਾ ਕਿ ਪੰਜਾਬ ਦੇ 3 ਲੱਖ 17 ਹਜ਼ਾਰ ਰਿਟਾਇਰਡ ਮੁਲਾਜ਼ਮਾਂ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਬੈਂਕਾਂ ਨੂੰ ਸਰਕਾਰ ਵੱਲੋਂ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ 4 ਲੱਖ ਸਰਕਾਰੀ ਮੁਲਾਜ਼ਮਾਂ ਦਾ ਪਿਛਲੇ ਤਿੰਨ ਸਾਲਾਂ ਤੋਂ 18 ਫੀਸਦੀ ਡੀਏ ਪੰਜਾਬ ਸਰਕਾਰ ਵੱਲ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦਾ 2016 ਤੋਂ ਲੈ ਕੇ 2025 ਤੱਕ ਲਗਭਗ 14 ਹਜ਼ਾਰ ਕਰੋੜ ਰੁਪਏ ਬਕਾਇਆ ਦੇਣਾ ਹੈ ਜਿਸ ਨੂੰ ਸਰਕਾਰ ਦੇਣ ’ਚ ਅੱਜ ਤੱਕ ਆਨਾ-ਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਹੀ ਉਨ੍ਹਾਂ ਨੂੰ ਸੂਬੇ ਵਿੱਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਜਾ ਕੇ ਉਨ੍ਹਾਂ ਦੇ ਹੱਕਾਂ ਦੀਆਂ ਗੱਲਾਂ ਕਰਦੇ ਸਨ ਪਰ ਸਰਕਾਰ ਬਣਦੇ ਹੀ ਰਵਈਆ ਬਦਲ ਗਿਆ। ਇਸ ਮੌਕੇ ਭੁੱਟਾ ਨੇ ਹਰਜੀਤ ਸਿੰਘ ਰਾਮਦਾਸ ਨਗਰ ਨੂੰ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਾਇਆ ਅਤੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ’ਤੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਜਰਨੈਲ ਸਿੰਘ ਖਾਲਸਾ ਸਾਨੀਪੁਰ ਪ੍ਰਧਾਨ ਬੀਸੀ ਵਿੰਗ, ਤਜਿੰਦਰ ਸਿੰਘ ਕੋਹਲੀ ਪ੍ਰਧਾਨ ਹਮਾਯੂਪੁਰ ਸਰਹਿੰਦ, ਪੰਕਜ ਸ਼ਰਮਾ, ਤਜਿੰਦਰ ਸਿੰਘ ਨੰਬਰਦਾਰ, ਅੰਮ੍ਰਿਤਪਾਲ ਸਿੰਘ ਸਰਹਿੰਦ, ਪੁਨੀਤ ਕੁਮਾਰ, ਰਾਜੀਵ ਠਾਕੁਰ ਤੇ ਸੋਨੀ ਰੈਲੀ ਮੌਜੂਦ ਸਨ।