ਅਕਾਲੀ ਦਲ ਨੇ 10 ਰੋਜ਼ਾ ਪੈਦਲ ਮਾਰਚ ‘ਬੋਲੇਗਾ ਘਨੌਰ, ਬਦਲੇਗਾ ਦੌਰ’ ਦਾ ਕੀਤਾ ਐਲਾਨ
9 ਸਾਲਾਂ ਦਾ ਹਿਸਾਬ ਮੰਗੇਗਾ ਘਨੌਰ”- ਝਿੰਜਰ
Publish Date: Wed, 27 May 2026 06:37 PM (IST)
Updated Date: Wed, 27 May 2026 06:40 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਆਪਣੇ ਆਉਣ ਵਾਲੇ 10 ਦਿਨਾਂ ਦੇ ਪੈਦਲ ਮਾਰਚ ‘ਬੋਲੇਗਾ ਘਨੌਰ, ਬਦਲੇਗਾ ਦੌਰ’ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਰਕਾਰਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਿਛਲੇ ਨੌਂ ਸਾਲਾਂ ਤੋਂ ਘਨੌਰ ਹਲਕੇ ਦੇ ਲੋਕਾਂ ਨੂੰ ਸਿਰਫ਼ ਵਾਅਦੇ ਮਿਲੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਲੋਕ ਅੱਜ ਵੀ ਬੁਨਿਆਦੀ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਝਿੰਜਰ ਨੇ ਕਿਹਾ ਕਿ ਪਹਿਲੇ ਪੰਜ ਸਾਲ ਕਾਂਗਰਸ ਤੇ ਉਸ ਤੋਂ ਬਾਅਦ ਚਾਰ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਘਨੌਰ ਦੀ ਆਵਾਜ਼ ਨੂੰ ਦਬਾਇਆ ਗਿਆ ਅਤੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੜਕਾਂ, ਪਾਣੀ, ਸਿਹਤ, ਸਿੱਖਿਆ ਤੇ ਨੌਜਵਾਨਾਂ ਦੇ ਰੁਜ਼ਗਾਰ ਵਰਗੇ ਮੁੱਦੇ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਦੌਰਾਨ ਆਈਆਂ ਸਰਕਾਰਾਂ ਨੇ ਘਨੌਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸਿਰਫ਼ ਰਾਜਨੀਤੀ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀ ਆਵਾਜ਼ ਨੂੰ ਘਰ-ਘਰ ਤੱਕ ਲੈ ਜਾਇਆ ਜਾਵੇ ਅਤੇ ਸਰਕਾਰ ਨੂੰ ਹਲਕੇ ਦੀ ਹਕੀਕਤ ਨਾਲ ਰੂਬਰੂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਪੈਦਲ ਮਾਰਚ 30 ਮਈ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਅਰਦਾਸ ਨਾਲ ਸ਼ੁਰੂ ਹੋਵੇਗਾ ਅਤੇ 8 ਜੂਨ ਨੂੰ ਸਮਾਪਤ ਕੀਤਾ ਜਾਵੇਗਾ। 10 ਦਿਨਾਂ ਦੌਰਾਨ ਇਹ ਯਾਤਰਾ ਘਨੌਰ ਹਲਕੇ ਦੇ 100 ਤੋਂ ਵੱਧ ਪਿੰਡਾਂ ਵਿਚ ਪਹੁੰਚੇਗੀ, ਜਿੱਥੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਅਕਾਲੀ ਆਗੂ ਨੇ ਕਿਹਾ ਕਿ ਇਹ ਕੋਈ ਸਿਰਫ਼ ਰਾਜਨੀਤਿਕ ਰੈਲੀ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਬਣਨ ਵਾਲਾ ਇੱਕ ਜਨ ਅੰਦੋਲਨ ਹੈ। ਇਸ ਮੌਕੇ ਐੱਸਜੀਪੀਸੀ, ਮੈਂਬਰ ਜਸਮੇਰ ਸਿੰਘ ਲਾਛੜੂ ਨੇ ਘਨੌਰ ਖੇਤਰ ’ਚ ਫਾਇਰ ਬ੍ਰਿਗੇਡ ਸਟੇਸ਼ਨ ਦੀ ਮੰਗ ਨੂੰ ਢੰਗ ਨਾਲ ਉਠਾਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਘਨੌਰ ਵਿਚ ਜਲਦ ਤੋਂ ਜਲਦ ਫਾਇਰ ਬ੍ਰਿਗੇਡ ਦੀ ਸਥਾਈ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਗੁਰਜਿੰਦਰ ਸਿੰਘ ਕਬੂਲਪੁਰ, ਕੁਲਵਿੰਦਰ ਸਿੰਘ ਕਾਲਾ ਅਤੇ ਪਰਮਿੰਦਰ ਸਿੰਘ ਸਰਵਾਰਾ ਵੀ ਹਾਜ਼ਰ ਸਨ।