ਸਰਕਾਰ ਤੋਂ ਬੇਆਸ ਲੋਕ ਘੱਗਰ ਦੇ ਕਿਨਾਰੇ ਕਰਨ ਲੱਗੇ ਮਜ਼ਬੂਤ
ਸਰਕਾਰ ਤੋਂ ਬੇਆਸ ਲੋਕ ਘੱਗਰ ਦੇ ਕਿਨਾਰੇ ਮਜ਼ਬੂਤ ਕਰਨ ਲੱਗੇ
Publish Date: Sun, 03 May 2026 06:00 PM (IST)
Updated Date: Sun, 03 May 2026 06:02 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿਛਲੇ ਸਾਲ ਘੱਗਰ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਡਰੇ ਕਿਸਾਨਾਂ ਨੇ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਆਪਣੇ ਤੌਰ ’ਤੇ ਘੱਗਰ ਦਰਿਆ ਦੇ ਬੰਨ੍ਹਿਆਂ ਨੂੰ ਮਜਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਲਕਾ ਸ਼ੁਤਰਾਣਾ ਦੇ ਕਿਸਾਨ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਵੇਖਦਿਆਂ ਸਰਕਾਰ ਦੇ ਵਾਅਦਿਆਂ ਤੇ ਭਰੋਸਾ ਛੱਡ ਖੁਦ ਮੈਦਾਨ ਵਿਚ ਡੱਟ ਗਏ ਹਨ। ਘੱਗਰ ਦਰਿਆ ਦੇ ਕਿਨਾਰੇ ਮਜ਼ਬੂਤ ਕੀਤੇ ਜਾਣ ਦੀ ਸ਼ੁਰੂਆਤ ਮੌਕੇ ਪਰਮਾਤਮਾ ਦਾ ਆਸਰਾ ਲੈਣ ਲਈ ਕੀਤੀ ਅਰਦਾਸ ਕਰਕੇ ਕੀਤੀ ਗਈ ਹੈ। ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਵਿਚ ਲੱਗੇ ਕਿਸਾਨ ਫਤਿਹ ਸਿੰਘ ਜੋਗੇਵਾਲ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਹੜ੍ਹਾਂ ਦੇ ਸੰਭਾਵੀ ਖਤਰੇ ਰੋਕਣ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਤਰਾਣਾ ਵਾਲੇ ਪਾਸੇ ਘੱਗਰ ਦਰਿਆ ਦੇ ਕਿਨਾਰੇ ਇਕ ਵੀ ਥੈਲਾ ਮਿੱਟੀ ਭਰ ਕੇ ਨਹੀਂ ਲਗਾਈ। ਸਰਕਾਰ ਕੇਵਲ ਹੜ੍ਹ ਆਉਣ ਵਕਤ ਖ਼ਾਨਾਪੂਰਤੀ ਕਰਨ ਲਈ ਚਾਰ ਦਿਨ ਮਨਰੇਗਾ ਮਜ਼ਦੂਰਾਂ ਨੂੰ ਟੁੱਟੇ ਬੰਨ੍ਹ ਬੰਨਣ ਦਾ ਕੰਮ ਦਿੰਦੀ ਹੈ ਜਦਕਿ ਇਸ ਤੋਂ ਪਹਿਲਾਂ ਘੱਗਰ ਦਰਿਆ ਦੀ ਸਾਫ ਸਫਾਈ ਜਾਂ ਮਾੜ੍ਹੇ ਬੰਨ੍ਹ ਮਜ਼ਬੂਤ ਕਰਨ ਲਈ ਕੋਈ ਉਪਰਾਲਾ ਨਹੀਂ ਕਰਦੀ ਹੈ। ਸਰਕਾਰ ਤੋਂ ਕੋਈ ਉਮੀਦ ਨਾ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਖਰਚੇ ਤੇ ਖਨੌਰੀ ਤੋਂ ਰਸੌਲੀ ਤੱਕ ਬੰਨ੍ਹ ਮਜ਼ਬੂਤ ਕਰਨ ਲਈ ਕੰਮ ਚਾਲੂ ਕਰ ਦਿੱਤਾ ਹੈ। ਕੰਮ ਸ਼ੁਰੂ ਕੀਤੇ ਜਾਣ ਸਮੇਂ ਅਰਦਾਸ ਸਮਾਗਮ ਵਿੱਚ ਅਕਾਲੀ ਆਗੂ ਸਤਨਾਮ ਸਿੰਘ ਵੜੈਚ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਧਾਨ ਸਿੰਘ,ਦਇਆ ਸਿੰਘ ਜੋਗੇਵਾਲ, ਇੰਦਰਜੀਤ ਧਾਲੀਵਾਲ, ਬੇਅੰਤ ਸਿੰਘ ਧਾਲੀਵਾਲ। ਸਾਹਬ ਸਿੰਘ, ਹੀਰਾ ਸਿੰਘ, ਸੁਖਪ੍ਰੀਤ ਸਿੰਘ, ਕਿਰਨਦੀਪ ਸਿੰਘ, ਕਾਬਲ ਸਿੰਘ, ਦਰਸ਼ਨ ਸਿੰਘ,ਜੱਸਾ ਸਿੰਘ, ਜੋਗਿੰਦਰ ਸਿੰਘ, ਸੂਰਤ ਸਿੰਘ, ਮਨਧੀਰ ਸਿੰਘ, ਟੋਨੀ, ਬਲਵਿੰਦਰ ਝੱਬਰ ਆਦਿ ਹਾਜ਼ਰ ਸਨ। ਘੱਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਸਮੇਂ ਕੀਤੇ ਗਏ ਅਰਦਾਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਹੈ ਕਿ ਸ਼੍ਰੋਮਣੀ ਦਲ ਬਾਦਲ ਦੀ ਸਰਕਾਰ ਬਣਨ ਤੇ ਘੱਗਰ ਦਰਿਆ ਦੇ ਕਿਨਾਰੇ ਦੋਵਾਂ ਪਾਸਿਆਂ ਤੋਂ ਪੱਕੇ ਅਤੇ ਮਜ਼ਬੂਤ ਕੀਤੇ ਜਾਣਗੇ।