ਸੰਗਰੂਰ ’ਚ ਗੰਦਗੀ ਦੇ ਲੱਗੇ ਅੰਬਾਰ; ਬਿਮਾਰੀਆਂ ਫੈਲਣ ਦਾ ਖ਼ਦਸ਼ਾ : ਪੂਨੀਆ\ਗਰਗ
ਸੰਗਰੂਰ ’ਚ ਗੰਦਗੀ ਦੇ ਲੱਗੇ ਅੰਬਾਰ; ਬਿਮਾਰੀਆਂ ਫੈਲਣ ਦਾ ਖ਼ਦਸ਼ਾ : ਪੂਨੀਆ\ਗਰਗ
Publish Date: Thu, 21 May 2026 04:32 PM (IST)
Updated Date: Fri, 22 May 2026 04:04 AM (IST)

ਭਾਜਪਾ ਆਗੂਆਂ ਨੇ ਕੀਤਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦਾ ਦੌਰਾ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਸੰਗਰੂਰ ਵਿਚ ਇਸ ਵੇਲੇ ਸਫ਼ਾਈ ਵਿਵਸਥਾ ਦਾ ਪੂਰੀ ਤਰ੍ਹਾਂ ਨਾਲ ਜਨਾਜ਼ਾ ਨਿਕਲ ਚੁੱਕਿਆ ਹੈ। ਸ਼ਹਿਰ ਦੇ ਮੁੱਖ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਫੈਲੀ ਗੰਦਗੀ ਕਿਸੇ ਵੀ ਵੇਲੇ ਕਿਸੇ ਗੰਭੀਰ ਮਹਾਮਾਰੀ ਜਾਂ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਸਥਾਨਕ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਕਥਿਤ ਨਾਕਾਮੀ ਕਾਰਨ ਸ਼ਹਿਰ ਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਤੇ ਪਵਨ ਕੁਮਾਰ ਗਰਗ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਕੀਤੇ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਇਲਾਕਿਆਂ ਰਣਬੀਰ ਕਲੱਬ ਰੋਡ, ਧੂਰੀ ਰੋਡ ਅਤੇ ਨਾਭਾ ਗੇਟ ਦੇ ਨੇੜੇ ਕੂੜੇ-ਕਰਕਟ ਦੇ ਵੱਡੇ-ਵੱਡੇ ਢੇਰ ਜਮ੍ਹਾਂ ਹੋ ਚੁੱਕੇ ਹਨ। ਇਨ੍ਹਾਂ ਖੇਤਰਾਂ ਵਿੱਚ ਹਾਲਾਤ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸੜਕਾਂ ਦੇ ਕਿਨਾਰੇ ਪਏ ਕੂੜੇ ਦੇ ਡੰਪਾਂ ਵਿੱਚੋਂ ਉੱਠ ਰਹੀ ਅਸਹਿ ਬਦਬੂ ਕਾਰਨ ਰਾਹਗੀਰਾਂ ਦਾ ਲੰਘਣਾ ਵੀ ਦੁਭਰ ਹੋ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਗੰਦਗੀ ਦੇ ਇਨ੍ਹਾਂ ਢੇਰਾਂ ’ਤੇ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ, ਜਿਸ ਕਾਰਨ ਕੂੜਾ ਪੂਰੀ ਸੜਕ ’ਤੇ ਫੈਲ ਜਾਂਦਾ ਹੈ। ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਤੇ ਰਿਹਾਇਸ਼ੀ ਲੋਕਾਂ ਵਿਚ ਭਾਰੀ ਰੋਸ ਹੈ। ਗਰਮੀ ਦੇ ਇਸ ਮੌਸਮ ਵਿਚ ਇਹ ਗੰਦਗੀ ਹੈਜ਼ਾ, ਡੇਂਗੂ, ਮਲੇਰੀਆ ਤੇ ਚਮੜੀ ਦੇ ਰੋਗਾਂ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸਿੱਧਾ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਗੁਹਾਰ ਲਗਾ ਚੁੱਕੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਟੈਕਸ ਦੇਣ ਦੇ ਬਾਵਜੂਦ ਸਾਨੂੰ ਗੰਦਗੀ ਦੇ ਢੇਰਾਂ ਵਿੱਚ ਰਹਿਣਾ ਪੈ ਰਿਹਾ ਹੈ। ਜੇਕਰ ਜਲਦੀ ਕੋਈ ਹੱਲ ਨਾ ਹੋਇਆ ਤਾਂ ਕੋਈ ਗੰਭੀਰ ਬਿਮਾਰੀ ਫੈਲ ਸਕਦੀ ਹੈ। ਭਾਜਪਾ ਆਗੂਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਰਣਬੀਰ ਕਲੱਬ ਰੋਡ, ਧੂਰੀ ਰੋਡ ਤੇ ਨਾਭਾ ਗੇਟ ਤੋਂ ਤੁਰੰਤ ਕੂੜੇ ਦੇ ਢੇਰ ਚੁੱਕਵਾਏ ਜਾਣ ਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਪਟੜੀ ’ਤੇ ਲਿਆਂਦਾ ਜਾਵੇ। ਭਾਜਪਾ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸੁਰਿੰਦਰ ਸ਼ਰਮਾ, ਨਰਿੰਦਰ ਕੁਮਾਰ ਗੁਪਤਾ, ਜਗਸੀਰ ਸਿੰਘ ਮੰਡਲ ਪ੍ਰਧਾਨ ਦਿਹਾਤੀ ਸੰਗਰੂਰ ਹਾਜ਼ਰ ਸਨ।