ਸੁਨਾਮ ਵਿਖੇ ਕੌਂਸਲ ਚੋਣਾਂ ’ਚ ਰਾਜਸੀ ਆਗੂਆਂ ਨੇ ਦਿਖਾਈ ਇਕਜੁਟਤਾ
ਸੁਨਾਮ ਵਿਖੇ ਕੌਂਸਲ ਚੋਣਾਂ ’ਚ ਰਾਜਸੀ ਆਗੂਆਂ ਨੇ ਦਿਖਾਈ ਇਕਜੁਟਤਾ
Publish Date: Fri, 15 May 2026 04:43 PM (IST)
Updated Date: Sat, 16 May 2026 04:01 AM (IST)

ਘਣਸ਼ਿਆਮ ਕਾਂਸਲ ਸਮੇਤ ਹੋਰਨਾਂ ਦੇ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਥਾਨਕ ਨਗਰ ਕੌਂਸਲ ਚੋਣਾਂ ਦੇ ਮੈਦਾਨ ’ਚ ਉਸ ਵੇਲੇ ਸਿਆਸੀ ਹਲਚਲ ਤੇਜ਼ ਹੋ ਗਈ, ਜਦੋਂ ਵਾਰਡ ਨੰਬਰ 20 ਤੋਂ ਉਮੀਦਵਾਰ ਘਣਸ਼ਿਆਮ ਕਾਂਸਲ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਦੀ ਸਭ ਤੋਂ ਹੈਰਾਨੀਜਨਕ ਤੇ ਚਰਚਿਤ ਗੱਲ ਇਹ ਰਹੀ ਕਿ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਸਿਆਸੀ ਦਲਾਂ ਦੇ ਦਿੱਗਜ ਨੇਤਾ ਇੱਕੋ ਮੰਚ ’ਤੇ ਨਜ਼ਰ ਆਏ। ਕੀ ਧੱਕੇਸ਼ਾਹੀ ਨੇ ਵਿਰੋਧੀ ਧਿਰਾਂ ਨੂੰ ਇੱਕ ਕਰ ਦਿੱਤਾ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਕੀ ਸੱਤਾਧਾਰੀ ਧਿਰ ਦੀ ਕਥਿਤ ਧੱਕੇਸ਼ਾਹੀ ਨੇ ਸਮੁੱਚੇ ਵਿਰੋਧ ਪੱਖ ਨੂੰ ਇਕਜੁੱਟ ਹੋਣ ਲਈ ਮਜਬੂਰ ਕਰ ਦਿੱਤਾ ਹੈ? ਇਸ ਇਕੱਠ ਨੇ ਆਉਣ ਵਾਲੀਆਂ ਚੋਣਾਂ ਲਈ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਹਨ। ਕੌਂਸਲ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਘਣਸ਼ਿਆਮ ਕਾਂਸਲ ਦੇ ਸਮਰਥਨ ਵਿੱਚ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ , ਹਰਮਨਦੇਵ ਸਿੰਘ ਬਾਜਵਾ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ , ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਨਵੀਰ ਸਿੰਘ ਚੈਰੀ ਤੋਂ ਇਲਾਵਾ ਵੱਖ ਵੱਖ ਰਾਜਸੀ ਪਾਰਟੀਆਂ ਦੇ ਸਥਾਨਕ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਵਿਰੋਧੀ ਧਿਰ ਦੇ ਆਗੂਆਂ ਨੇ ਆਖਿਆ ਕਿ ਸੂਬੇ ਦੀ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣਾਂ ਲੜਣ ਦੇ ਚਾਹਵਾਨਾਂ ਨੂੰ ਐਨ ਓ ਸੀ ਧਰਨੇ ਦੇਕੇ ਲੈਣੀ ਪਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਨੂੰ ਨਿਰਪੱਖ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸ਼ਕਤੀ ਗਰਗ, ਰਾਜੀਵ ਗਰਗ, ਪ੍ਰੋਫੈਸਰ ਵਿਜੇ ਮੋਹਨ ਸਿੰਗਲਾ, ਸੰਦੀਪ ਕੌਰ ਭੰਗੂ ਹਾਜ਼ਰ ਸਨ।