48 ਲੱਖ ਦੀ ਲਾਗਤ ਨਾਲ ਬਣੇਗਾ ਸੰਗਤਪੁਰ ਸੋਢੀਆਂ ਦਾ ਖੇਡ ਮੈਦਾਨ : ਰਾਏ
48 ਲੱਖ ਦੀ ਲਾਗਤ ਨਾਲ ਬਣੇਗ
Publish Date: Wed, 05 Nov 2025 04:59 PM (IST)
Updated Date: Wed, 05 Nov 2025 05:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਸੰਗਤਪੁਰ ਸੋਢੀਆਂ ਦੇ ਖੇਡ ਮੈਦਾਨ ਦਾ ਕਰੀਬ 48 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਖੇਡ ਮੈਦਾਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਨਵੇਂ ਖੇਡ ਮੈਦਾਨ ਉਸਾਰੇ ਜਾ ਰਹੇ ਹਨ। ਪੰਜਾਬ ਦੀ ਕੁਰਾਹੇ ਪਈ ਜਵਾਨੀ ਨੂੰ ਖੇਡ ਮੈਦਾਨਾਂ ਵੱਲ ਲਿਆਉਣ ਦੇ ਲਈ ਪਹਿਲਾਂ ਸੋਹਣੇ ਮੈਦਾਨ ਬਣਾਉਣੇ ਜ਼ਰੂਰੀ ਹੋਣਗੇ, ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਨਵੇਂ ਖੇਡ ਮੈਦਾਨ ਉਸਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਦੇ ਲਈ ਵਚਨਬੱਧ ਹੈ ਅਤੇ ਸੂਬੇ ਦੀ ਤਰੱਕੀ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਹਿਯੋਗ ਸਦਕਾ ਸੰਗਤਪੁਰ ਸੋਢੀਆਂ ਨੂੰ ਦੋ ਪਾਰਕ ਦਿੱਤੇ ਜਾ ਚੁੱਕੇ ਹਨ, ਇਸ ਤੋਂ ਇਲਾਵਾ ਇਕ ਮੈਰਿਜ ਪੈਲਸ ਦਿੱਤਾ ਜਾ ਚੁੱਕਾ ਹੈ ਅਤੇ ਇੱਕ ਹੋਰ ਵੱਡਾ ਪ੍ਰੋਜੈਕਟ ਖੇਡ ਮੈਦਾਨ ਵੀ ਇਸ ਲੜੀ ਦੇ ਵਿੱਚ ਜੁੜ ਚੁੱਕਿਆ। ਉਨ੍ਹਾਂ ਦੱਸਿਆ ਕਿ ਸੜਕ ਤੋਂ ਖੇਡ ਮੈਦਾਨ ਤੱਕ ਜਾਣ ਵਾਲੇ ਰਸਤੇ ਨੂੰ ਵੀ ਇੰਟਰਲਾਕ ਟਾਈਲਾਂ ਦੇ ਨਾਲ ਪੱਕਾ ਕੀਤਾ ਜਾ ਰਿਹਾ ਹੈ।