ਨੈਸ਼ਨਲ ਸਟੇਡੀਅਮ ਹੰਸਾਲੀ ਵਿਖੇ ਗੇਟ ਦਾ ਰੱਖਿਆ ਨੀਂਹ ਪੱਥਰ
ਨੈਸ਼ਨਲ ਸਟੇਡੀਅਮ ਹੰਸਾਲੀ ਵਿਖੇ ਗੇਟ ਦਾ ਰੱਖਿਆ ਨੀਂਹ ਪੱਥਰ
Publish Date: Fri, 08 May 2026 05:48 PM (IST)
Updated Date: Fri, 08 May 2026 05:50 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੈਸ਼ਨਲ ਸਟੇਡੀਅਮ ਹੰਸਾਲੀ ਵਿਖੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਟੇਡੀਅਮ ਦੇ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੈਸ਼ਨਲ ਸਟੇਡੀਅਮ ਹੰਸਾਲੀ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਬਾਬਾ ਪਰਮਜੀਤ ਸਿੰਘ ਵੱਲੋਂ ਸਟੇਡੀਅਮ ਦੇ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਖੇਡ ਸਟੇਡੀਅਮ ਨੌਜਵਾਨਾਂ ਦੇ ਲਈ ਚਾਨਣ ਮੁਨਾਰੇ ਵਜੋਂ ਕੰਮ ਕਰੇਗਾ। ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ, ਉੱਥੇ ਹੀ ਮਾਨਸਿਕ ਤਣਾਅ ਤੋਂ ਵੀ ਰਾਹਤ ਦਿੰਦੀਆਂ ਹਨ। ਨੌਜਵਾਨ ਪੀੜ੍ਹੀ ਨੂੰ ਮੋਬਾਈਲਾਂ ਨੂੰ ਛੱਡ ਕੇ ਖੇਡ ਮੈਦਾਨਾਂ ਵੱਲ ਆਉਣ ਦੀ ਲੋੜ ਹੈ। ਇਹ ਧਰਤੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਯਤਨ ਕਰ ਰਹੀ ਹੈ, ਜਿਸ ਦੇ ਤਹਿਤ ਪਿੰਡਾਂ ਦੇ ਵਿੱਚ ਖੇਡ ਮੈਦਾਨ ਉਸਾਰੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹਲਕਾ ਫਤਹਿਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਵਿਚ ਖੇਡ ਮੈਦਾਨ ਉਸਾਰੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਲਿਆਂਦਾ ਜਾ ਸਕੇ। ਪੰਜਾਬ ਸਰਕਾਰ ਵੱਲੋਂ ਚੰਗੀਆਂ ਖੇਡ ਕਿੱਟਾਂ ਅਤੇ ਚੰਗੇ ਕੋਚ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਸਾਧੂ ਰਾਮ ਭੱਟ ਮਾਜਰਾ, ਅਵਤਾਰ ਸਿੰਘ, ਹਰਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ, ਅਤਰ ਸਿੰਘ ਖੇੜਾ, ਗੁਰਦੇਵ ਸਿੰਘ, ਰਜਿੰਦਰ ਸਿੰਘ ਗਰੇਵਾਲ, ਮੈਨੇਜਰ ਮਹਿੰਦਰ ਸਿੰਘ, ਮੋਹਨ ਸਿੰਘ ਬਧੌਛੀ, ਤਨਵੀਰ ਸਿੰਘ, ਗੁਰਮੇਲ ਸਿੰਘ, ਮੋਹਨ ਸਿੰਘ ਡੰਘੇੜੀਆਂ, ਜਗਦੇਵ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਹੰਸਾਲੀ, ਪਿਆਰਾ ਸਿੰਘ ਸਰਪੰਚ, ਹਰਮਿੰਦਰ ਸਿੰਘ, ਕਰਮਜੀਤ ਸਿੰਘ, ਮਨਜੀਤ ਸਿੰਘ, ਸੁਰਜੀਤ ਇੰਦਰ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ ਅਤੇ ਗੁਰਨਾਮ ਸਿੰਘ ਖੇੜਾ ਵੀ ਮੌਜੂਦ ਸਨ।