ਕਾਂਗਰਸ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਲਈ ਲੜਦੀ ਆਈ : ਨਾਗਰਾ
ਪਿੰਡ ਤਿੰਬਰਪੁਰ ਵਿਚ ਕਾਂਗਰਸੀ ਆਗੂਆਂ ਨਾਲ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਹਿਮ ਮੀਟਿੰਗ
Publish Date: Sun, 15 Mar 2026 05:21 PM (IST)
Updated Date: Sun, 15 Mar 2026 05:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ ਖੇੜਾ ਦੇ ਪਿੰਡ ਤਿੰਬਰਪੁਰ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੌਜੂਦਾ ਰਾਜਨੀਤਿਕ ਹਾਲਾਤਾਂ ਅਤੇ ਆਉਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਲਈ ਲੜਦੀ ਆਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਹੀ ਕਾਂਗਰਸ ਦੀ ਅਸਲੀ ਤਾਕਤ ਹਨ ਅਤੇ ਵਰਕਰਾਂ ਦੀ ਮਿਹਨਤ ਨਾਲ ਹੀ ਪਾਰਟੀ ਮਜ਼ਬੂਤ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਪਹੁੰਚਾਉਣ। ਨਾਗਰਾ ਨੇ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਹਰ ਮੋਰਚੇ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ, ਕਿਸਾਨਾਂ ਅਤੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਅਤੇ ਲੋਕਾਂ ਨੂੰ ਮਹਿੰਗਾਈ ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਲੋਕਾਂ ਦੇ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਿਤ ਰਹਿ ਗਈ ਹੈ, ਜਿਸ ਕਰਕੇ ਆਮ ਲੋਕ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਮੰਡੇਟ ਦੇਣਗੇ। ਨਾਗਰਾ ਨੇ ਕਿਹਾ ਕਿ ਉਹ ਹਲਕਾ ਫਤਹਿਗੜ੍ਹ ਸਾਹਿਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹਨ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ ਰਾਤ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਭਲਾਈ ਲਈ ਉਹ ਲਗਾਤਾਰ ਯਤਨ ਕਰਦੇ ਰਹਿਣਗੇ। ਇਸ ਮੌਕੇ ਸਾਬਕਾ ਸਰਪੰਚ ਗੁਰਵਰਿੰਦਰ ਸਿੰਘ ਭਗੜਾਣਾ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਮਨਦੀਪ ਸਿੰਘ ਖੇੜਾ, ਮਾਸਟਰ ਰਵਿੰਦਰ ਸਿੰਘ ਹਰੀਪੁਰ, ਕੁਲਵੀਰ ਭੰਗੂ, ਹਰਦੀਪ ਸਿੰਘ, ਜਸਵੀਰ ਭੰਗੂ, ਜਸਵੀਰ ਸਿੰਘ ਸਾਬਕਾ ਸਰਪੰਚ, ਮੇਵਾ ਸਿੰਘ ਬਰਾਸ, ਲਾਡੀ ਬਰਾਸ, ਗੁਰਜੀਤ ਸਿੰਘ ਨਰੈਣ, ਲਖਵੀਰ ਭੰਗੂ, ਜਗਤਾਰ ਭੰਗੂ, ਦਰਸ਼ਨ ਸਿੰਘ, ਅਮਰੀਕ ਸਿੰਘ, ਰਾਜ ਕ੍ਰਿਸ਼ਨ ਪੰਡਿਤ, ਦੀਪਕ ਕੁਮਾਰ, ਗੁਰਦੀਪ ਭੰਗੂ ਤੇ ਹੋਰ ਪਿੰਡ ਵਾਸੀ ਮੌਜੂਦ ਸਨ।