ਸਾਬਕਾ ਵਿਧਾਇਕ ਨਾਗਰਾ ਨੇ ਸਫ਼ਾਈ ਸੇਵਕਾਂ ਦੇ ਧਰਨੇ ’ਚ ਪਹੁੰਚ ਕੇ ਸਰਕਾਰ ਦੀ ਖੋਲ੍ਹੀ ਪੋਲ
ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਸਫਾਈ ਸੇਵਕਾਂ ਦੇ ਧਰਨੇ ਵਿਚ ਪਹੁੰਚ ਕੇ ਸਰਕਾਰ ਦੀ ਖੋਲ੍ਹੀ ਪੋਲ
Publish Date: Fri, 08 May 2026 06:45 PM (IST)
Updated Date: Fri, 08 May 2026 06:47 PM (IST)

--ਮੁੱਖ ਮੰਤਰੀ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਨਾਗਰਾ ਫ਼ੋਟੋ ਫ਼ਾਈਲ : 25 -ਨਗਰ ਕੌਂਸਲ ਸਰਹਿੰਦ ਦੇ ਬਾਹਰ ਸਫ਼ਾਈ ਸੇਵਕਾਂ ਵੱਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕਾਂਗਰਸ ਪਾਰਟੀ ਦੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅੱਜ ਨਗਰ ਕੌਂਸਲ ਸਰਹਿੰਦ ਵਿਖੇ ਸਫ਼ਾਈ ਸੇਵਕ ਤੇ ਹੋਰ ਮੁਲਾਜ਼ਮਾਂ ਵੱਲੋਂ ਲਗਾਏ ਧਰਨੇ ਵਿਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮ ਵਿਰੋਧੀ ਹੈ ਜਿਸ ਦਾ ਜਿੰਦਾ ਜਾਗਦਾ ਸਬੂਤ ਸੱਤਾ ਵਿਚ ਆਉਣ ਦੇ ਬਾਅਦ ਵੀ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਮੁਲਾਜ਼ਮਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਾ ਕਰ ਸਕੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਮੁੜ ਸ਼ੁਰੂ ਕਰਨ, ਪੇ ਕਮਿਸ਼ਨ ਦਾ ਬਕਾਇਆ, ਡੀਏ ਦੀ ਅਦਾਇਗੀ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਅੱਜ ਵੀ ਅਧੂਰੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਸਰਹਿੰਦ ਵਿਖੇ 250 ਕੱਚੇ ਮੁਲਾਜ਼ਮ ਸੇਵਾਵਾਂ ਦੇ ਰਹੇ ਹਨ ਜਿਨਾਂ ਵਿਚ ਜਿਨਾਂ ਵਿਚ ਸਫਾਈ ਸੇਵਕ, ਸੀਵਰਮੈਨ, ਹੈਲਪਰ, ਡਰਾਈਵਰ, ਇਲੈਕਟਰੀਸ਼ਨ, ਪੰਪ ਆਪਰੇਟਰ, ਮਾਲੀ, ਕੰਪਿਊਟਰ ਆਪਰੇਟਰ, ਸੀਵਰ ਮੈਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਮੁਲਾਜ਼ਮ ਕੰਟਰੈਕਟ ਰਾਹੀਂ ਜਾਂ ਠੇਕੇਦਾਰ ਰਾਹੀਂ ਕੰਮ ਕਰ ਰਹੇ ਹਨ ਜਿਨਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਮੁਲਾਜ਼ਮ ਜਿਨਾਂ ਨੇ ਆਪਣੇ ਪਰਿਵਾਰਾਂ ਨੂੰ ਵੀ ਪਾਲਣਾ ਹੁੰਦਾ ਹੈ ਉਹ ਇਨੀਆਂ ਘੱਟ ਤਨਖਾਹਾਂ ਵਿਚ ਆਪਣਾ ਗੁਜ਼ਾਰਾ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਤਾਂ ਵਧਾ ਦਿੱਤੀਆਂ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਜਾਂ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਬਾਰੇ ਕੁੱਝ ਨਹੀਂ ਸੋਚਿਆ। ਸ. ਨਾਗਰਾ ਨੇ ਕਿਹਾ ਕਿ ਕਹਿਣ ਨੂੰ ਤਾਂ ਪੰਜਾਬ ਦੀਆਂ 117 ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ ਪਰ ਉਨ੍ਹਾਂ ਵਿੱਚੋਂ ਕਿਸੇ ਇਕ ਨੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਅੱਜ ਤੱਕ ਇਕ ਸ਼ਬਦ ਨਹੀਂ ਬੋਲਿਆ। ਜਦ ਕਿ ਇਹ ਮੁਲਾਜ਼ਮ ਸਾਰਾ ਦਿਨ ਗੰਦਗੀ ਵਿਚ ਰਹਿ ਕੇ ਆਮ ਨਾਗਰਿਕਾਂ ਲਈ ਸਾਫ਼ ਸੁਥਰਾ ਵਾਤਾਵਰਣ ਮੁਹਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਾਇਦ ਇਹ ਭੁੱਲ ਚੁੱਕੇ ਹਨ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਮੁਲਾਜ਼ਮ ਵਰਗ ਦਾ ਬਹੁਤ ਵੱਡਾ ਹੱਥ ਰਿਹਾ ਹੈ ਪਰ ਅੱਜ ਉਹੀ ਮੁਲਾਜ਼ਮ ਆਪਣੀ ਹੱਕੀ ਮੰਗਾਂ ਵਾਸਤੇ ਧਰਨੇ ਲਗਾ ਰਹੇ ਹਨ ਅਤੇ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਮੁਲਾਜ਼ਮ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੋ ਪਹਿਲਾਂ ਵੱਡੇ ਵੱਡੇ ਦਾਵੇ ਕਰ ਰਹੇ ਸਨ ਕਿ ਸਾਡੇ ਕੋਲ ਖਜ਼ਾਨੇ ਵਿਚ ਬਹੁਤ ਪੈਸੇ ਹਨ ਫਿਰ ਅੱਜ ਉਹ ਕਿਸ ਮੂੰਹ ਨਾਲ ਕਹਿ ਰਹੇ ਹਨ ਕਿ ਮੁਲਾਜ਼ਮਾਂ ਦੇ ਬਕਾਏ ਦੇਣ ਲਈ ਖਜ਼ਾਨੇ ਵਿਚ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਵੱਡਾ ਫ਼ਰਕ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਸਫਾਈ ਸੇਵਕਾਂ ਤੋਂ ਕੇਵਲ 10 ਹਜ਼ਾਰ ਰੁਪਏ ਤਨਖਾਹ ਦੇ ਬਦਲੇ 10-10 ਘੰਟੇ ਕੰਮ ਕਰਵਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਜ਼ਦੂਰ ਅਤੇ ਦੱਬੇ ਕੁਚਲੇ ਵਰਗ ਦੀ ਆਵਾਜ਼ ਬਣੀ ਹੈ ਅਤੇ ਭਵਿੱਖ ਵਿਚ ਕਾਂਗਰਸ ਸਰਕਾਰ ਬਣਨ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਇੱਜ਼ਤ ਨਾਲ ਕਰ ਸਕਣ। ਇਸ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਜੂਨੀਅਰ ਪ੍ਰਧਾਨ ਰਾਜੇਸ਼਼ ਕੁਮਾਰ ਨੇ ਕਿਹਾ ਕਿ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ ਤੇ ਅਸੀਂ ਸਾਰੇ ਜਥੇਬੰਦੀਆਂ ਅਤੇ ਸਮਾਜ ਸੇਵਕ ਤੇ ਰਾਸ਼ੀ ਆਗੂਆਂ ਦਾ ਧੰਨਵਾਦ ਕਰਦਾ ਜਿਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਸੂਦ, ਗੁਰਪ੍ਰੀਤ ਸਿੰਘ ਲਾਲੀ, ਪਵਨ ਕਾਲੜਾ, ਨਰਿੰਦਰ ਕੁਮਾਰ ਪ੍ਰਿੰਸ, ਗੁਰਪ੍ਰੀਤ ਸਿੰਘ ਕੈੜੇ, ਸਾਬਕਾ ਕੌਂਸਲਰ ਗੁਲਸ਼ਨ ਰਾਏ ਬੋਬੀ, ਅਮਰਦੀਪ ਸਿੰਘ ਬੈਣੀਪਾਲ, ਰਣਦੀਪ ਸਿੰਘ ਸੋਢੀ, ਦਵਿੰਦਰ ਸਿੰਘ ਜੱਲਾ, ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਫਾਈ ਸੇਵਾ ਮੌਜੂਦ ਸਨ।