ਗਊਸ਼ਾਲਾ ਦੇ ਸ਼ੈੱਡ 'ਚ ਲੱਗੀ ਅੱਗ, ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ
ਗਊਸ਼ਾਲਾ ਦੇ ਸ਼ੈਡ 'ਚ ਲੱਗੀ ਭਿਆਨਕ ਅੱਗ, ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ
Publish Date: Tue, 28 Apr 2026 05:49 PM (IST)
Updated Date: Tue, 28 Apr 2026 05:52 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਦੁਗਾਲ ਵਿਖੇ ਬਾਬਾ ਮੋਨੀ ਜੀ ਦੀ ਸਰਪ੍ਰਸਤੀ ਹੇਠ ਬਣੀ ਗਊਸ਼ਾਲਾ ਵਿਚ ਗਾਵਾਂ ਦੇ ਚਾਰੇ ਲਈ ਰੱਖੀ ਗਈ ਤੂੜੀ ਦੇ ਗੁਦਾਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਵੱਡੀ ਪੱਧਰ ’ਤੇ ਰੱਖੀ ਗਈ ਤੂੜੀ ਸੜਕੇ ਸੁਆਹ ਹੋ ਗਈ। ਸਵੇਰੇ ਤੜਕਸਾਰ ਵਾਪਰੀ ਅਗਨਜਨੀ ਦੀ ਵਾਪਰੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਦੁਗਾਲ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਨਾਲ ਡੇਰਾ ਸੱਚਾ ਸੌਦਾ ਸਿਰਸਾ ਸਰਪਰਸਤੀ ਹੇਠ ਚੱਲਦੀ ਸਮਾਜ ਸੇਵੀ ਸੰਸਥਾ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਵਲੰਟੀਅਰਾਂ ਨੇ ਵੱਡੀ ਪੱਧਰ ਉੱਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤੇ ਜਾਣ ਉੱਤੇ ਸਮਾਣਾ, ਸੁਨਾਮ ਅਤੇ ਮੂਨਕ ਤੋਂ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਤੜਕੇ 4 ਵਜੇ ਦੇ ਕਰੀਬ ਤੂੜੀ ਦੇ ਗੁਦਾਮ ਵਿਚ ਅੱਗ ਲੱਗਣ ਸਬੰਧੀ ਪਤਾ ਲੱਗਾ ਜਿਸ ਮਗਰੋਂ ਘਟਨਾ ਸਬੰਧੀ ਪਿੰਡ ਅਤੇ ਆਸ ਪਾਸ ਰੌਲਾ ਪੈ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੂੜੀ ਲੈ ਕੇ ਆਏ ਇੱਕ ਟਰੱਕ ਦੇ ਟਾਇਰਾਂ ਤੋਂ ਹੋਈ ਰਗੜ ਨਾਲ ਅੱਗ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਈ ਘੰਟਿਆਂ ਦੀ ਲਗਾਤਾਰ ਮਿਹਨਤ ਮਗਰੋਂ ਦੁਪਹਿਰ ਸਮੇਂ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ ਪਰ ਤੂੜੀ ਨੂੰ ਲੱਗੀ ਹੋਈ ਅੱਗ ਹਾਲੇ ਵੀ ਸੁਲਘ ਰਹੀ ਹੈ। ਇਸ ਦੌਰਾਨ ਗਊਸ਼ਾਲਾ ਵਿਖੇ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਸੰਤ ਨਰਾਇਣਪੁਰੀ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਗਊਆਂ ਲਈ ਸਾਰੇ ਸਾਲ ਦੀ ਵਰਤੋਂ ਵਾਸਤੇ ਬਣਾਈ ਗਈ ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ ਹੋ ਗਈ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗਾਵਾਂ ਦੇ ਚਾਰੇ ਲਈ ਤੂੜੀ ਦਾ ਪ੍ਰਬੰਧ ਕਰਨ ਲਈ ਅੱਗੇ ਆਉਣ।