ਚੰਗਿਆਡ਼ੇ ਨਾਲ ਨਾਡ਼ ਨੂੰ ਲੱਗੀ ਅੱਗ, ਕਈ ਏਕਡ਼ ਨਾਡ਼ ਸਡ਼ਿਆ
ਚੰਗਿਆਡ਼ੇ ਨਾਲ ਨਾਡ਼ ਨੂੰ ਲੱਗੀ ਅੱਗ, ਕਈ ਏਕਡ਼ ਨਾਡ਼ ਸਡ਼ਿਆ ਕਣਕ ਦਾ ਰਿਹਾ ਬਚਾਅ
Publish Date: Sun, 12 Apr 2026 06:16 PM (IST)
Updated Date: Mon, 13 Apr 2026 04:13 AM (IST)

ਕਣਕ ਦਾ ਰਿਹਾ ਬਚਾਅ ਜੀਐੱਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਬਲਾਕ ਭੁੱਨਰਹੇਡ਼ੀ ਦੇ ਪਿੰਡ ਦੌਲਤਪੁਰ ਫਕੀਰਾਂ ਵਿਖੇ ਅੱਜ ਕਣਕ ਦੇ ਨਾਡ਼ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ, ਜਿਸ ਕਾਰਨ ਦਰਜਨਾਂ ਏਕਡ਼ ਕਣਕ ਦਾ ਨਾਡ਼ ਸਡ਼ ਕੇ ਸਵਾਹ ਹੋ ਗਿਆ ਹੈ, ਜਦੋਂ ਕਿ ਲੋਕਾਂ ਦੀ ਹਿੰਮਤ ਨਾਲ ਕਣਕ ਨੂੰ ਅੱਗ ਲੱਗਣ ਤੋਂ ਬਚਾਅ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੌਲਤਪੁਰ ਫਕੀਰਾਂ ਦੇ ਪਰਮਜੀਤ ਸਿੰਘ ਪੁੱਤਰ ਰਾਜਾ ਸਿੰਘ ਆਪਣੇ ਖੇਤਾਂ ਵਿੱਚ ਕਣਕ ਵੱਢ ਰਹੀ ਕੰਬਾਇਨ ਕੋਲ ਮੋਟਰ ਸਾਈਕਲ ’ਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਦੇ ਸਿਲੰਸਰ ’ਚੋਂ ਨਿਕਲੇ ਚੰਗਿਆਡ਼ੇ ਤੋਂ ਕਣਕ ਦੇ ਨਾਡ਼ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਖਬਰ ਸੁਣਦਿਆਂ ਹੀ ਪਿੰਡ ਅਤੇ ਇਲਾਕੇ ਦੇ ਲੋਕ ਘਟਨਾ ਵਾਲੀ ਥਾਂ ਇਕੱਠੇ ਹੋ ਗਏ ਤੇ ਕੁਝ ਕਿਸਾਨ ਆਪਣੇ ਆਪਣੇ ਟਰੈਕਟਰ ਲੈ ਕੇ ਪਹੁੰਚ ਗਏ, ਜਿਨ੍ਹਾਂ ਨੇ ਬਡ਼ੀ ਤੇਜ਼ੀ ਨਾਲ ਟਰੈਕਟਰ ਚਲਾ ਕੇ ਅੱਗ ’ਤੇ ਕਾਬੂ ਪਾ ਲਿਆ। ਇਸ ਘਟਨਾ ’ਚ ਮੋਟਰਸਾਈਕਲ ਵੀ ਅੱਗ ਦੀ ਲਪੇਟ ’ਚ ਆਉਣ ਕਰਕੇ ਸਡ਼ ਗਿਆ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਚੌਕੀ ਭੁਨਰਹੇਡ਼ੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਉਹ ਸਮੇਂ ਸਿਰ ਨਹੀਂ ਪਹੁੰਚ ਸਕਿਆ। ਇਸ ਮੌਕੇ ਇਕੱਤਰ ਕਿਸਾਨਾਂ ਨੇ ਰੋਸ ਜ਼ਾਹਰ ਕੀਤਾ ਕਿ ਇਸ ਕਣਕ ਦੇ ਸੀਜ਼ਨ ਦੌਰਾਨ ਫਾਇਰ ਬਿਰਗੇਡ ਦੀ ਗੱਡੀ ਦੇਵੀਗਡ਼੍ਹ ਤਹਿਸੀਲ ਵਿੱਚ ਖਡ਼ਨੀ ਚਾਹੀਦੀ ਹੈ, ਤਾਂ ਕਿ ਕਿਸੇ ਲੋਡ਼ ਸਮੇਂ ਕੰਮ ਆ ਸਕੇ।