ਸ਼ੈਲਰ ਮਾਲਕਾਂ ਨੇ ਐਫਸੀਆਈ ਦਫਤਰ ਘੇਰਿਆ

-ਸ਼ੈਲਰ ਮਾਲਕਾਂ ਨੇ ਲਗਾਏ ਰਿਸ਼ਵਤ ਮੰਗਣ ਦੇ ਇਲਜਾਮ
ਫੋਟੋ 29ਪੀਟੀਐੱਲ- 24
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਸਰਕਲ ਨਾਭਾ ਦੇ ਸ਼ੈਲਰ ਮਾਲਕਾਂ ਵੱਲੋਂ ਪਟਿਆਲਾ ਸਥਿਤ ਐਫਸੀਆਈ ਦੇ ਦਫਤਰ ’ਚ ਧਰਨਾ ਲਗਾਇਆ ਗਿਆ। ਇਸ ਮੌਕੇ ਨਾਭਾ, ਭਾਦਸੋ, ਸਮਾਣਾ ਸਮੇਤ ਹੋਰਨਾਂ ਥਾਵਾਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਸ਼ੈਲਰ ਮਾਲਕਾਂ ਨੇ ਇਲਜਾਮ ਲਗਾਇਆ ਕਿ ਐਫਸੀਆਈ ਉਨ੍ਹਾਂ ਨੂੰ ਚਾਵਲ ਲਗਾਉਣ ਲਈ ਥਾਂ ਨਹੀਂ ਦੇ ਰਹੀ ਅਤੇ ਠੇਕੇਦਾਰ ਦੀ ਲੇਬਰ ਵੱਲੋਂ ਵੀ ਚਾਵਲ ਉਤਾਰਨ ਲਈ ਰਿਸ਼ਵਤ ਲਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਸ਼ੈਲਰ ਐਸੋਸ਼ੀਏਸਨ ਦੇ ਪ੍ਰਧਾਨ ਸਤੀਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਲ ਦੇ ਛੋਟੇ ਸ਼ੈਲਰ ਮਾਲਕਾਂ ਨੂੰ ਆਪਣੇ ਚੌਲ ਲਗਾਉਣ ਲਈ ਥਾਂ ਦੇਣ ’ਚ ਢਾਈ ਤੋਂ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਹਾਲੇ 33 ਫੀਸਦੀ ਚੌਲ ਹੀ ਲੱਗਿਆ ਹੈ ਜਦੋਂ ਕਿ 31 ਮਾਰਚ ਤੱਕ ਸਾਰਾ ਕੰਮ ਖਤਮ ਹੋਣਾ ਚਾਹੀਦਾ ਸੀ। ਇਸ ਸਬੰਧੀ ਐਸੋਸੀਏਸਨ ਦੇ ਚੇਅਰਮੈਨ ਮੁਨੀਸ਼ ਬੱਤਾ ਨੇ ਦੱਸਿਆ ਕਿ ਨਾਭਾ ਸਰਕਲ ’ਚ ਹਾਲੇ ਸਾਲ 2023-24 ਦੇ ਚਾਵਲ ਵੀ ਪਏ ਹਨ ਪਰ ਕਈ ਥਾਵਾਂ ਤੋਂ ਸਾਲ 2024-25 ਦਾ ਸਟਾਕ ਵੀ ਚੁੱਕਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਨਾਭਾ ਸਰਕਲ ਨੂੰ ਪਹਿਲਾਂ ਤਾਂ ਸਪੈਸ਼ਲ ਟ੍ਰੇਨਾਂ ਘੱਟ ਦਿੱਤੀਆਂ ਜਾ ਰਹੀਆਂ ਹਨ ਅਤੇ ਜੇਕਰ ਮਿਲ ਜਾਵੇ ਤਾਂ ਸਬੰਧਿਤ ਠੇਕੇਦਾਰ ਕੋਲ ਪੂਰੀ ਲੇਬਰ ਨਹੀਂ ਹੈ, ਜਿਸ ਕਾਰਨ ਸਪੈਸ਼ਲ ਰੱਦ ਹੋ ਜਾਂਦੀਆ ਹਨ। ਉਨ੍ਹਾਂ ਦੱਸਿਆ ਕਿ ਗੋਦਾਮਾਂ ਵਿਚ ਕੰਮ ਕਰਨ ਵਾਲੀ ਲੇਵਰ ਵੀ ਰਿਸ਼ਵਤ ਲੈ ਕੇ ਚੌਲ ਉਤਾਰ ਰਹੀ ਤੇ ਅਧਿਕਾਰੀ ਵੀ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਕਿਸੇ ਪਾਸੇ ਸੁਣਵਾਈ ਨਾ ਹੋਣ ਕਾਰਨ ਅੱਜ ਡੀਐਮ ਦਫਤਰ ਘੇਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਭਾ ਤੋਂ ਇਲਾਵਾ ਸਮਾਣਾ ਤੇ ਭਾਦਸੋ, ਅਮਰਗੜ੍ਹ ਇਲਾਕੇ ਦੇ ਸ਼ੈਲਰ ਮਾਲਕ ਵੀ ਪਹੁੰਚੇ ਸਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਚਾਵਲ ਲਗਾਉਣ ਲਈ ਥਾਂ ਨਾ ਅਲਾਟ ਕੀਤੀ ਗਈ ਤਾਂ ਉਹ ਜ਼ਿਲ੍ਹੇ ਦੇ ਸ਼ੈਲਰ ਮਾਲਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਦਰਸਨ ਅਰੋੜਾ, ਹਰਦੀਪ ਸਿੰਘ, ਸੰਜੀਵ ਮਿੱਤਲ, ਕਰਮ ਸਿੰਘ ਮਟੋਰਡਾ, ਜਗਤਾਰ ਸਿੰਘ, ਨਿਤਿਨ ਗੁਪਤਾ, ਵਿਕਾਸ ਗੋਇਲ, ਪ੍ਰਿੰਸ ਸਮਾਣਾ, ਪਰਵੀਨ ਗਰਗ, ਟਹਿਲ ਸਿੰਘ, ਸੁਰੇਸ਼ ਬਾਂਸਲ, ਸੁਮਾਨ ਜਿੰਦਲ, ਬਿੱਟੂ ਭਾਦਸੋਂ, ਕਰਨੈਲ ਸਿੰਘ, ਰਾਜੀਵ ਜਿੰਦਲ, ਅੰਗਰੇਜ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।
ਡੱਬੀ- ਅਧਿਕਾਰੀ ਨਾਲ ਹੋਈ ਬੈਠਕ
ਇਸ ਦੌਰਾਨ ਬਾਅਦ ’ਚ ਸਿਆਸੀ ਲੀਡਰ ਵੀ ਧਰਨਾਕਾਰੀ ਸੈਲਰ ਮਾਲਕਾਂ ਦੇ ਹੱਕ ’ਚ ਆਏ । ਇਸ ਮੌਕੇ ਐਫਸੀਆਈ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਵੀ ਹੋਈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਹੋਰ ਵੀ ਆਗੂ ਹਾਜ਼ਰ ਸਨ। ਇਸ ਮੌਕੇ ਐਫਸੀਆਈ ਦੇ ਡੀਐਮ ਜਤਿੰਦਰ ਸਿੰਘ ਨੇ ਵਿਸਵਾਸ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ ਅਤੇ ਕੱਲ ਨੂੰ ਇੱਕ ਸਪੈਸਲ ਦਿੱਤੀ ਜਾਵੇਗਾੀ।