Fatehgarh Sahib News : ਪੰਜਾਬ ਪੁਲਿਸ ਦੇ ਟਰੈਕਰ ਡਾਗ ‘ਰੋਮੀਓ’ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਪੁਲਿਸ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ
ਪੰਜਾਬ ਪੁਲਿਸ ਦੇ ਡਾਗ ਸਕੁਐਡ ਦੇ ਹੋਣਹਾਰ ਮੈਂਬਰ ਟਰੈਕਰ ਡਾਗ ‘ਰੋਮੀਓ’ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਨੇ ਸੰਸਕਾਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ।
Publish Date: Wed, 27 May 2026 08:15 PM (IST)
Updated Date: Wed, 27 May 2026 08:18 PM (IST)
ਪੰਜਾਬੀ ਜਾਗਰਣ ਰਿਪੋਰਟਰ , ਫਤਹਿਗੜ੍ਹ ਸਾਹਿਬ : ਪੰਜਾਬ ਪੁਲਿਸ ਦੇ ਡਾਗ ਸਕੁਐਡ ਦੇ ਹੋਣਹਾਰ ਮੈਂਬਰ ਟਰੈਕਰ ਡਾਗ ‘ਰੋਮੀਓ’ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਨੇ ਸੰਸਕਾਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ। ਰੋਮੀਓ ਨੇ ਆਪਣੇ ਸੇਵਾਕਾਲ ਦੌਰਾਨ ਕਈ ਗੁੰਝਲਦਾਰ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ’ਚ ਜ਼ਿਲ੍ਹਾ ਪੁਲਿਸ ਦੀ ਅਹਿਮ ਮਦਦ ਕੀਤੀ ਸੀ। ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਸੰਸਕਾਰ ਸਮਾਰੋਹ ’ਚ ਸੀਨੀਅਰ ਕਪਤਾਨ ਪੁਲਿਸ ਸ਼ੁਭਮ ਅਗਰਵਾਲ, ਐਸਪੀ ਪੀਬੀਆਈ ਅਤੇ ਡੀਐਸਪੀ ਸੀਏਡਬਲਿਊ ਨੇ ਸ਼ਿਰਕਤ ਕੀਤੀ। ਅਧਿਕਾਰੀਆਂ ਨੇ ਉਸ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ।
ਇਕ ਸੱਚੇ ਸੈਨਿਕ ਵਾਂਗ ਰੋਮੀਓ ਦਾ ਅੰਤਿਮ ਸੰਸਕਾਰ ਪੁਲਿਸ ਪ੍ਰੋਟੋਕੋਲ ਨਾਲ ਕੀਤਾ ਗਿਆ ਅਤੇ ਪੁਲਿਸ ਦੀ ਇਕ ਟੁਕੜੀ ਨੇ ਉਸ ਨੂੰ ਸਲਾਮੀ ਦਿੱਤੀ। ਹਾਜ਼ਰ ਅਧਿਕਾਰੀਆਂ ਨੇ ਕਿਹਾ ਕਿ ਰੋਮੀਓ ਆਪਣੀ ਤਿੱਖੀ ਬੁੱਧੀ ਅਤੇ ਸੁੰਘਣ ਦੀ ਸਮਰੱਥਾ ਸਦਕਾ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਟਰੈਕਰ ਡਾਗ ‘ਰੋਮੀਓ’ ਦੀ ਗਿਣਤੀ ਪੰਜਾਬ ਪੁਲਿਸ ਦੇ ਸਭ ਤੋਂ ਅਨੁਸ਼ਾਸਿਤ ਖੋਜੀ ਕੁੱਤਿਆਂ ’ਚ ਹੁੰਦੀ ਸੀ। ਕ੍ਰਾਈਮ ਸੀਨ ਤੋਂ ਸਬੂਤ ਜੁਟਾਉਣ ’ਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਉਸ ਦੇ ਹੈਂਡਲਰ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।