ਯਾਦਵਿੰਦਰ ਸਿੰਘ ਕਹੀ ਸੁੱਟ ਕੇ ਫਰਾਰ ਹੋ ਗਿਆ ਜਿਸ ਉਪਰੰਤ ਅਮਰਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ, ਜਦੋਂ ਕਿ ਜਸਪਾਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਇੱਥੋਂ ਦੇ ਨੇੜਲੇ ਪਿੰਡ ਕੋਟਲਾ ਡਡਹੇੜੀ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਹੀ ਚਾਚੇ ਉਪਰ ਕਹੀ ਨਾਲ ਵਾਰ ਕਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਨੇੜਲੇ ਪਿੰਡ ਕੋਟਲਾ ਡਡਹੇੜੀ ਵਿਖੇ ਬੀਤੇ ਦਿਨ ਇੱਕ ਵਿਅਕਤੀ ਨੇ ਆਪਣੇ ਘਰ ਦੇ ਨਾਲ ਰਹਿੰਦੇ ਚਾਚੇ ਉਪਰ ਕਾਤਲਾਨਾ ਹਮਲਾ ਕਰ ਦਿੱਤਾ ਜਿਸਦੇ ਸਿੱਟੇ ਵੱਜੋਂ ਉਸਦੀ ਮੌਤ ਹੋ ਗਈ ਹੈ।
ਪੁਲਿਸ ਸੂਤਰਾਂ ਦੇ ਮੁਤਾਬਿਕ ਸਤਿੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀ ਪਿੰਡ ਕੋਟਲਾ ਡਡਹੇੜੀ ਵਲੋਂ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 19 ਅਕਤੂਬਰ ਨੂੰ ਘਰ ਵਿੱਚ ਉਹ ਅਤੇ ਉਸਦਾ ਪਤੀ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲਾ ਡਡਰੇੜੀ ਹਾਜ਼ਰ ਸਨ, ਅਤੇ ਉਸਦੇ ਦੋਵੇ ਲੜਕੇ ਬਾਹਰ ਕਿਸੇ ਕੰਮ ਦੇ ਸਬੰਧ ਵਿੱਚ ਗਏ ਹੋਏ ਸੀ, ਇਸੇ ਦੌਰਾਨ ਉਸਦੇ ਜੇਠ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲਾ ਡਡਹੇੜੀ ਦਾ ਲੜਕਾ ਯਾਦਵਿੰਦਰ ਸਿੰਘ ਉਰਫ ਕਾਕਾ ਉਨਾਂ ਦੇ ਘਰ ਦੀ ਛੱਤ ਉੱਪਰ ਘੁੰਮ ਫਿਰ ਰਿਹਾ ਸੀ ਅਤੇ ਉਹ ਘਰ ਦੀਆਂ ਪੌੜੀਆਂ ਰਾਹੀਂ ਹੇਠਾਂ ਉੱਤਰ ਕੇ ਘਰ ਦੇ ਵਿਹੜੇ ਵਿੱਚ ਆ ਗਿਆ ਜਿਸ ਦੇ ਹੱਥ ਵਿੱਚ ਫੜੀ ਹੋਈ ਕਹੀ ਨਾਲ ਉਸਦੇ ਪਤੀ ਜਸਪਾਲ ਸਿੰਘ ਦੇ ਸਿਰ ਵਿੱਚ ਵਾਰ ਕਰ ਦਿੱਤਾ ਅਤੇ ਜਸਪਾਲ ਸਿੰਘ ਧਰਤੀ 'ਤੇ ਡਿੱਗ ਗਿਆ ਤਾਂ ਸਤਿੰਦਰ ਕੌਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੁਣ ਕੇ ਉਸਦਾ ਜੇਠ ਅਮਰਜੀਤ ਸਿੰਘ ਅਤੇ ਉਸਦਾ ਲੜਕਾ ਗੁਰਪ੍ਰੀਤ ਸਿੰਘ ਵੀ ਆ ਗਏ ਤਾਂ ਉਸਨੇ ਜੇਠ ਅਮਰਜੀਤ ਸਿੰਘ ਦੇ ਉੱਪਰ ਵੀ ਵਾਰ ਕਰ ਦਿੱਤਾ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ।
ਯਾਦਵਿੰਦਰ ਸਿੰਘ ਕਹੀ ਸੁੱਟ ਕੇ ਫਰਾਰ ਹੋ ਗਿਆ ਜਿਸ ਉਪਰੰਤ ਅਮਰਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ, ਜਦੋਂ ਕਿ ਜਸਪਾਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ। ਪੁਲਿਸ ਵਲੋਂ ਮ੍ਰਿਤਕ ਜਸਪਾਲ ਸਿੰਘ ਦੀ ਪਤਨੀ ਸਤਿੰਦਰ ਕੌਰ ਦੇ ਬਿਆਨਾਂ ਤੇ ਯਾਦਵਿੰਦਰ ਸਿੰਘ ਦੇ ਖਿ਼ਲਾਫ਼ ਮੁੱਕਦਮਾ ਦਰਜ ਕਰਕੇ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਸੰਦੀਪ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।