‘ਫਤਿਹ ਯੂਥ ਮਿਲਣੀ’ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ : ਬੜਿੰਗ
ਫਤਿਹ ਯੂਥ ਮਿਲਣੀ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ; 137 ਯੂਥ ਕਲੱਬਾਂ ਦਾ ਗਠਨ ਮੁਕੰਮਲ : ਬੜਿੰਗ
Publish Date: Sat, 09 May 2026 04:59 PM (IST)
Updated Date: Sat, 09 May 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੇ ਮਹਾਰਾਜਾ ਅਗਰਸੈਨ ਭਵਨ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਕਰਵਾਈ ਗਈ ‘ਫਤਿਹ ਯੂਥ ਮਿਲਣੀ’ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਿੰਦਰ ਸਿੰਘ (ਗੈਰੀ) ਬੜਿੰਗ ਨੇ ਕਿਹਾ ਕਿ ਇਸ ਮਿਲਣੀ ਨੇ ਵਿਸ਼ਾਲ ਰੈਲੀ ਦਾ ਰੂਪ ਧਾਰ ਕੇ ਇਲਾਕੇ ਵਿਚ ਪਾਰਟੀ ਦੀ ਮਜ਼ਬੂਤ ਪਕੜ ਅਤੇ ਨੌਜਵਾਨਾਂ ਦੇ ਸਰਕਾਰ ਪ੍ਰਤੀ ਵਿਸ਼ਵਾਸ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਟੀਚੇ ਨੂੰ ਪੂਰਾ ਕਰਦਿਆਂ ਹਲਕੇ ਦੇ ਹਰ ਪਿੰਡ ਤੇ ਵਾਰਡ ਵਿੱਚ 11 ਤੋਂ 21 ਨੌਜਵਾਨਾਂ ਦੇ ਯੂਥ ਕਲੱਬ ਬਣਾਉਣ ਦੀ ਪ੍ਰਕਿਰਿਆ ਤਹਿਤ 137 ਯੂਨਿਟਾਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਧਾਇਕ ਬੜਿੰਗ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਹਨਾਂ ਯੂਥ ਕਲੱਬਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੂਰੇ ਹਲਕੇ ਵਿਚ ਖੇਡਾਂ ਦਾ ਸਮਾਨ, ਸਪੋਰਟਸ ਕਿੱਟਾਂ ਅਤੇ ਜਿੰਮ ਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਅਗਾਮੀ ਚੋਣ ਰਣਨੀਤੀ ਸਬੰਧੀ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ। ਉਨ੍ਹਾਂ ਪ੍ਰੋਗਰਾਮ ਦੀ ਸਫਲਤਾ ਲਈ ਮੁਨੀਸ਼ ਕੁਮਾਰ (ਜ਼ਿਲ੍ਹਾ ਯੂਥ ਪ੍ਰਧਾਨ), ਪਰਦੀਪ ਸਿੰਘ (ਹਲਕਾ ਯੂਥ ਪ੍ਰਧਾਨ) ਅਤੇ ਵਿੱਕੀ ਚਾਹਲ ਦੀ ਸ਼ਲਾਘਾ ਕੀਤੀ। ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਮੁਹੱਈਆ ਕਰਵਾਈਆਂ ਗਈਆਂ ਜਿੰਮਾਂ ਦਾ ਵਿਧਾਇਕ ਬੜਿੰਗ ਵੱਲੋਂ ਦੌਰਾ ਕੀਤਾ ਗਿਆ। ਉਹਨਾਂ ਨੇ ਪਿੰਡ ਸੌਂਟੀ, ਪਿੰਡ ਲੱਖਾ ਸਿੰਘ ਵਾਲਾ ਅਤੇ ਖਨਿਆਣ ਵਿਖੇ ਜਿੰਮਾਂ ਦਾ ਨਿਰੀਖਣ ਕਰਦਿਆਂ ਉੱਥੇ ਮੌਜੂਦ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖੱਟੜਾ ਦੇ ਵੱਡੇ ਭਰਾ ਸੁਰਿੰਦਰ ਸਿੰਘ ਖੱਟੜਾ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਵਿੱਚ ਸ਼ਾਮਿਲ ਹੋਏ। ਉਹਨਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਖੱਟੜਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।