ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
Publish Date: Mon, 27 Apr 2026 04:20 PM (IST)
Updated Date: Tue, 28 Apr 2026 04:02 AM (IST)

ਕਿਹਾ: ਮੱਛਰਾਂ ਦੇ ਕੱਟਣ ਨਾਲ ਫੈਲ ਰਹੀਆਂ ਬਿਮਾਰੀਆਂ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੂਬੇ ਅੰਦਰ ਲੱਗ ਰਹੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਛਾਜਲੀ ਵਿਖੇ ਗਰਿੱਡ ਸਾਹਮਣੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਾਰਨ ਮੱਛਰਾਂ ਵੱਲੋਂ ਕੱਟਣ ਨਾਲ ਬਿਮਾਰੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਸੰਤ ਰਾਮ ਛਾਜਲੀ, ਭੋਲਾ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ ਪੂਨੀਆਂ, ਨੇਕ ਸਿੰਘ, ਗੋਕਲ ਪੰਡਿਤ, ਗੁਰਸੇਵਕ ਸਿੰਘ, ਜੰਗ ਸਿੰਘ, ਜੈਲਾ ਪੰਡਿਤ, ਮਿੱਠੂ ਸਿੰਘ ਅਤੇ ਮੱਘਰ ਸਿੰਘ ਨੇ ਆਖਿਆ ਕਿ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ। ਪਿੰਡਾਂ ’ਚ ਬਿਜਲੀ ਨਾ ਆਉਣ ਕਾਰਨ ਮੱਛਰਾਂ ਦੀ ਮਾਰ ਝੱਲ ਰਹੇ ਲੋਕ ਮਲੇਰੀਆ ਬੁਖਾਰ ਦੀ ਮਾਰ ਹੇਠ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਵਾਧੂ ਬਿਜਲੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਸੂਬੇ ਦੀ ਜਨਤਾ ਬਿਜਲੀ ਕੱਟਾਂ ਕਾਰਨ ਪਰੇਸ਼ਾਨੀ ਦੇ ਆਲਮ ’ਚ ਜੀਵਨ ਬਤੀਤ ਕਰ ਰਹੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਵੇ। ਕਿਸਾਨ ਆਗੂ ਸੰਤ ਰਾਮ ਛਾਜਲੀ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਭਵਿੱਖ ’ਚ ਬਿਜਲੀ ਕੱਟਾਂ ਤੋਂ ਨਜਾਤ ਦਿਵਾਈ ਜਾਵੇਗੀ।