ਕਿਸਾਨਾਂ ਨੇ ਪਾਵਰਕਾਮ ਦਫ਼ਤਰ ਦਾ ਕੀਤਾ ਘਿਰਾਓ
ਕਿਸਾਨਾਂ ਨੇ ਪਾਵਰਕਾਮ ਦਫਤਰ ਦਾ ਕੀਤਾ ਘਿਰਾਓ
Publish Date: Tue, 28 Apr 2026 04:57 PM (IST)
Updated Date: Wed, 29 Apr 2026 04:05 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਇਲਾਕੇ ’ਚ ਵਧ ਰਹੀ ਬਿਜਲੀ ਕਟੌਤੀ ਤੇ ਅਣਸੁਚੱਜੀ ਬਿਜਲੀ ਸਪਲਾਈ ਨੂੰ ਲੈ ਕੇ ਇੱਥੇ ਕਿਸਾਨਾਂ ’ਚ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਤਰ ਹੋਏ ਕਿਸਾਨਾਂ ਵੱਲੋਂ ਪਾਵਰਕਾਮ ਦਫ਼ਤਰ ਸਬ ਡਿਵੀਜ਼ਨ ਭਵਾਨੀਗੜ੍ਹ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਚਮਕੌਰ ਸਿੰਘ ਬਲਾਕ ਪ੍ਰਧਾਨ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਬਿਜਲੀ ਕਟੌਤੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਵਾਢੀ ਤੋਂ ਬਾਅਦ ਵੀ ਖੇਤਾਂ ਨੂੰ ਬਿਜਲੀ ਨਹੀਂ ਮਿਲ ਰਹੀ, ਜਿਸ ਨਾਲ ਅਗਲੀ ਫ਼ਸਲ ਦੀ ਤਿਆਰੀ ਵਿਚ ਵੱਡੀ ਰੁਕਾਵਟ ਆ ਰਹੀ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸਿਰਫ਼ ਖੇਤਾਂ ਵਿਚ ਹੀ ਨਹੀਂ ਸਗੋਂ ਘਰਾਂ ਵਿਚ ਵੀ ਬਿਜਲੀ ਦੀ ਕਮੀ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਜਦੋਂ ਉਹ ਖੇਤਾਂ ਤੋਂ ਵਾਪਸ ਘਰ ਆਉਂਦੇ ਹਨ ਤਾਂ ਉਸ ਵੇਲੇ ਵੀ ਬਿਜਲੀ ਨਹੀਂ ਹੁੰਦੀ ਜਿਸ ਕਰਕੇ ਨਾ ਸਿਰਫ਼ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ ਸਗੋਂ ਗਰਮੀ ਦੇ ਮੌਸਮ ਵਿਚ ਜੀਵਨ ਬਹੁਤ ਮੁਸ਼ਕਲ ਬਣ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਆਮ ਲੋਕ ਜਾਗ ਕੇ ਰਾਤਾਂ ਕੱਟ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਉਠਾਈ ਕਿ ਇੱਥੇ ਸਬ ਡਿਵੀਜ਼ਨ ਪਾਵਰਕਾਮ ਦਫਤਰ ਕੋਲ ਜੂਨੀਅਰ ਇੰਜੀਨੀਅਰਾਂ ਦੀ ਘਾਟ ਹੈ ਜਿਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਮੌਜੂਦਾ ਮੁਲਾਜ਼ਮਾਂ ’ਤੇ ਪੈ ਰਹੇ ਵੱਧ ਵਰਕਲੋਡ ਨੂੰ ਘੱਟ ਕੀਤਾ ਜਾ ਸਕੇ ਤੇ ਬਿਜਲੀ ਸਪਲਾਈ ਪ੍ਰਣਾਲੀ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਸੀਮਿਤ ਰਹਿ ਗਏ ਹਨ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਰੀਬ ਦੋ ਘੰਟੇ ਤੱਕ ਚੱਲੇ ਕਿਸਾਨਾਂ ਦੇ ਇਸ ਪ੍ਰਦਰਸ਼ਨ ਦੌਰਾਨ ਪਾਵਰਕਾਮ ਦੇ ਐਸਡੀਓ ਵੱਲੋਂ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕੀਤਾ।