ਸੁਨਾਮ ’ਚ ਕਿਸਾਨਾਂ ਨੇ ਧਰਨਾ ਦੇਕੇ ਕੀਤੀ ਸੜਕ ਜਾਮ
ਸੁਨਾਮ ’ਚ ਕਿਸਾਨਾਂ ਨੇ ਧਰਨਾ ਦੇਕੇ ਕੀਤੀ ਸੜਕ ਜਾਮ
Publish Date: Tue, 18 Nov 2025 04:55 PM (IST)
Updated Date: Wed, 19 Nov 2025 04:02 AM (IST)

ਕਿਹਾ- ਕਰਜ਼ਾਈ ਕਿਸਾਨਾਂ ਦੀ ਜ਼ਮੀਨ ਹੜੱਪਣੀ ਚਾਹੁੰਦੇ ਨੇ ਸੂਦਖੋਰ ਆੜ੍ਹਤੀਏ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਿਸਾਨ ਦੇ ਆੜ੍ਹਤੀਏ ਨਾਲ ਲੈਣ ਦੇਣ ਨੂੰ ਲੈਕੇ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਮੰਗਲਵਾਰ ਨੂੰ ਸੁਨਾਮ ਵਿਖੇ ਕਚਿਹਰੀ ਦੇ ਸਾਹਮਣੇ ਪਟਿਆਲਾ ਰੋਡ ਤੇ ਧਰਨਾ ਦੇਕੇ ਸੜਕੀ ਆਵਾਜਾਈ ਜਾਮ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੂਦਖੋਰ ਆੜ੍ਹਤੀਏ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣੀਆ ਚਾਹੁੰਦੇ ਹਨ। ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਵਾਜਾਈ ਆਮ ਵਾਂਗੂੰ ਚਾਲੂ ਹੋ ਗਈ। ਸੁਨਾਮ ਪਟਿਆਲਾ ਰੋਡ ਤੇ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਜਸਵੀਰ ਸਿੰਘ ਮੈਦੇਵਾਸ, ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਅਤੇ ਹੈਪੀ ਨਮੋਲ ਨੇ ਆਖਿਆ ਕਿ ਕਿਸਾਨ ਜਗਜੀਤ ਸਿੰਘ ਦਾ ਆੜ੍ਹਤੀਏ ਨਾਲ ਪੈਸੇ ਦੇ ਲੈਣ ਦੇਣ ਨੂੰ ਲੈਕੇ ਕੋਰਟ ਕੇਸ ਚੱਲ ਰਿਹਾ ਸੀ ਇਸ ਦੌਰਾਨ ਕਿਸਾਨ ਨੇ ਆੜ੍ਹਤੀਏ ਨਾਲ ਰੌਲਾ ਮਿਟਾਉਣ ਲਈ ਬਹੁਤ ਵਾਰ ਪਹੁੰਚ ਕੀਤੀ ਪਰੰਤੂ ਸੂਦਖੋਰ ਆੜ੍ਹਤੀਏ ਵੱਲੋਂ ਵਿਆਜ ਲਾਕੇ ਪੈਸੇ ਕਿਸਾਨ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੂਦਖੋਰ ਆੜ੍ਹਤੀਏ ਵੱਲੋਂ ਕੋਰਟ ਅਤੇ ਸਿਆਸੀ ਆਗੂਆਂ ਦੀ ਸ਼ਹਿ ਨਾਲ ਕਰਜ਼ਾਈ ਕਿਸਾਨ ਦੀ ਜ਼ਮੀਨ ਹੜੱਪਣ ਦੇ ਇਰਾਦੇ ਨਾਲ ਬੋਲੀ ਕਰਵਾਉਣ ਲਈ ਯਤਨ ਕੀਤੇ ਗਏ, ਕਿਸਾਨ ਦੀ ਜ਼ਮੀਨ ਬਚਾਉਣ ਲਈ ਜਥੇਬੰਦੀ ਨੇ ਪਹਿਲਾਂ ਤਹਿਸੀਲ ਦਫਤਰ ਅੱਗੇ ਧਰਨਾ ਦਿੱਤਾ ਲੇਕਿਨ ਜਦੋਂ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਤਾਂ ਮਜ਼ਬੂਰਨ ਜੱਥੇਬੰਦੀ ਨੇ ਧਰਨਾ ਸੁਨਾਮ ਪਟਿਆਲਾ ਮੁੱਖ ਸੜਕ ਤੇ ਤਬਦੀਲ ਕਰਕੇ ਰੋਡ ਜਾਮ ਕਰਨੀ ਪਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਹੜੱਪਣ ਨਹੀਂ ਦਿੱਤੀ ਜਾਵੇਗੀ। ਕਿਸਾਨ ਆਗੂਆਂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਅਤੇ ਹੈਪੀ ਨਮੋਲ ਨੇ ਦੱਸਿਆ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਵੱਲੋਂ ਕਿਸਾਨਾਂ ਨਾਲ ਕੀਤੀ ਮੀਟਿੰਗ ਵਿੱਚ ਭਰੋਸਾ ਦਿਵਾਇਆ ਗਿਆ ਹੈ ਕਿ ਉਕਤ ਮਾਮਲੇ ਸਬੰਧੀ ਮਾਮਲਾ ਨਿਪਟਾਉਣ ਲਈ ਬਕਾਇਦਾ ਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ।ਇਸ ਮੌਕੇ ਬਲਜੀਤ ਕੌਰ ਕਿਲਾ ਭਰੀਆਂ, ਸੁਖਦੇਵ ਸ਼ਰਮਾ, ਸੰਤ ਰਾਮ ਸਿੰਘ ਛਾਜਲੀ, ਮੱਖਣ ਪਾਪੜਾ, ਅਮਨਦੀਪ ਸਿੰਘ ਮੂਨਕ, ਹਰਦੇਵ ਸਿੰਘ ਕੁਲਾਰ ਹਾਜ਼ਰ ਸਨ।