ਕਿਸਾਨਾਂ ਨੇ ਲੌਂਗੋਵਾਲ ’ਚ ਫੂਕਿਆ ਰਾਜਪਾਲ ਦਾ ਪੁਤਲਾ
ਕਿਸਾਨਾਂ ਨੇ ਲੌਂਗੋਵਾਲ ’ਚ ਫੂਕਿਆ ਗਵਰਨਰ ਦਾ ਪੁਤਲਾ
Publish Date: Sun, 17 May 2026 04:37 PM (IST)
Updated Date: Mon, 18 May 2026 04:04 AM (IST)

ਅਸੀਂ ਆਪਣੇ ਪਾਣੀਆਂ ਦਾ ਹੱਕ ਲੈ ਕੇ ਰਹਾਂਗੇ : ਕਿਸਾਨ ਆਗੂ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦਾ ਮੈਂਬਰ ਬਾਹਰ ਕੱਢੇ ਜਾਣ ਦੇ ਰੋਸ ਵਜੋਂ ਰਾਜ ਭਵਨ ਵੱਲ ਕੀਤੇ ਜਾ ਰਹੇ ਰੋਸ ਮਾਰਚ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ’ਤੇ ਵਰਾਏ ਗਏ ਅੱਥਰੂ ਗੈਸ ਦੇ ਗੋਲੇ, ਕੰਡਿਆਲੀਆਂ ਤਾਰਾਂ ਲਾ ਕੇ ਲਾਈਆਂ ਗਈਆਂ ਰੋਕਾਂ ਤੇ ਲਾਠੀਚਾਰਜ਼ ਕਰਨ ਦੇ ਰੋਸ ਵਜੋਂ ਪਿੰਡ ਲੌਂਗੋਵਾਲ ਤੇ ਢੱਡਰੀਆਂ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਬੂਟਾ ਸਿੰਘ, ਬੀਕੇਯੂ ਡਕੌਦਾ ਦੇ ਬਲਾਕ ਆਗੂ ਦਰਬਾਰਾ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਆਪਣਾ ਕੰਟਰੋਲ ਮਜਬੂਤ ਕਰਨ ਲਈ ਨਵੇਂ-ਨਵੇਂ ਫੈਸਲੇ ਕਰ ਰਹੀ ਹੈ, ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੇ ਸਥਾਈ ਮੈਂਬਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਤੇ ਪੰਜਾਬ, ਹਰਿਆਣਾ, ਰਾਜਸਥਾਨ ਰਾਜਾਂ ਦਾ ਪਾਣੀ ਦਾ ਮਾਮਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਨਹੀਂ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਲਗਾਤਾਰ ਪੰਜਾਬ ਨੂੰ ਦੇਣ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ। ਸਗੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਸੈਨੇਟ ’ਤੇ ਵੀ ਭਾਜਪਾ ਆਪਣਾ ਪੂਰਨ ਕੰਟਰੋਲ ਕਰਨਾ ਚਾਹੁੰਦੀ ਹੈ। ਪੰਜਾਬੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਕੱਲ੍ਹ ਇਨ੍ਹਾਂ ਮਾਮਲਿਆਂ ਸਬੰਧੀ ਹੀ ਰਾਜਪਾਲ ਨੂੰ ਮਿਲਣ ਲਈ ਤੇ ਮੰਗ ਪੱਤਰ ਦੇਣ ਲਈ ਪੰਜਾਬ ਦੇ ਕਿਸਾਨ ਚੰਡੀਗੜ੍ਹ ਜਾ ਰਹੇ ਸਨ, ਜਿਨ੍ਹਾਂ ’ਤੇ ਕੇਂਦਰ ਸਰਕਾਰ ਦੀ ਸ਼ਹਿ ’ਤੇ ਭਗਵੰਤ ਮਾਨ ਸਰਕਾਰ ਦੀ ਮਿਲੀਭੁਗਤ ਨਾਲ ਚੰਡੀਗੜ੍ਹ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ, ਪਾਣੀ ਦੀਆਂ ਤੇਜ਼ ਬੋਛਾਰਾਂ ਮਾਰੀਆਂ ਤੇ ਕੰਡਿਆਲੀਆਂ ਤਾਰਾਂ ਲਾਈਆਂ। ਜਿਨ੍ਹਾਂ ਨਾਲ ਕਈ ਕਿਸਾਨ ਜ਼ਖ਼ਮੀ ਹੋ ਗਏ ਤੇ ਚੰਡੀਗੜ੍ਹ ਵੜਨ ਤੋਂ ਰੋਕਿਆ ਗਿਆ। ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਰਹੇਗਾ ਇਸ ਨੂੰ ਕੋਈ ਖੋਹ ਨਹੀਂ ਸਕਦਾ ਅਤੇ ਇਸ ਤਰ੍ਹਾਂ ਅਸੀਂ ਆਪਣੇ ਪਾਣੀਆਂ ਦਾ ਹੱਕ ਵੀ ਲੈ ਕੇ ਰਹਾਂਗੇ। ਅੱਜ ਪਿੰਡ ਲੌਂਗੋਵਾਲ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਹਰਦੇਵ ਸਿੰਘ,ਪਰਗਟ ਸਿੰਘ ਦੀ ਅਗਵਾਈ ਹੇਠ ਅਤੇ ਪਿੰਡ ਢੱਡਰੀਆਂ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਸਾਹੋਕੇ, ਜੋਗਾ ਸਿੰਘ ਢੱਡਰੀਆਂ ਦੀ ਅਗਵਾਈ ਹੇਠ ਪੁਤਲੇ ਫੂਕੇ ਗਏ। ਇਸ ਸਮੇਂ ਰੋਸ ਪ੍ਰਦਰਸ਼ਨ ਵਿੱਚ ਸਫਾਈ ਮਜ਼ਦੂਰ ਯੂਨੀਅਨ ਲੌਂਗੋਵਾਲ ਦੇ ਆਗੂ ਹਰਦੀਪ ਸਿੰਘ,ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਮਾਸਟਰ ਬਲਵੀਰ ਚੰਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਲਖਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।