ਫੇਸਬੁੱਕ ਦੋਸਤੀ ਪਈ ਮਹਿੰਗੀ: ਆਨਲਾਈਨ ਬਿਜ਼ਨੈੱਸ 'ਚ ਵੱਡੇ ਮੁਨਾਫ਼ੇ ਦਾ ਝਾਂਸਾ ਦੇ ਕੇ ਹਿਮਾਚਲ ਦੇ ਨੌਜਵਾਨ ਨਾਲ ਲੱਖਾਂ ਦੀ ਸਾਈਬਰ ਠੱਗੀ
ਸੋਸ਼ਲ ਮੀਡੀਆ ’ਤੇ ਦੋਸਤੀ ਕਰ ਕੇ ਆਨਲਾਈਨ ਬਿਜ਼ਨਸ ਵਿਚ ਵੱਡੇ ਮੁਨਾਫੇ ਦਾ ਸੁਪਨਾ ਦਿਖਾ ਕੇ ਇਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਸਾਈਬਰ ਠੱਗੀ ਕੀਤੀ ਗਈ। ਪੀੜਤ ਨੇ ਸੈਕਟਰ-17 ਸਥਿਤ ਸਾਈਬਰ ਕ੍ਰਾਈਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਨਾਸ ਵਿਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਸ਼ਿਕਾਇਤਕਰਤਾ ਲੋਕੇਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮੰਡੀ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਇੱਕ ਨਿੱਜੀ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ।
Publish Date: Fri, 29 May 2026 12:18 PM (IST)
Updated Date: Fri, 29 May 2026 12:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਸੋਸ਼ਲ ਮੀਡੀਆ ’ਤੇ ਦੋਸਤੀ ਕਰ ਕੇ ਆਨਲਾਈਨ ਬਿਜ਼ਨਸ ਵਿਚ ਵੱਡੇ ਮੁਨਾਫੇ ਦਾ ਸੁਪਨਾ ਦਿਖਾ ਕੇ ਇਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਸਾਈਬਰ ਠੱਗੀ ਕੀਤੀ ਗਈ। ਪੀੜਤ ਨੇ ਸੈਕਟਰ-17 ਸਥਿਤ ਸਾਈਬਰ ਕ੍ਰਾਈਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਨਾਸ ਵਿਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਸ਼ਿਕਾਇਤਕਰਤਾ ਲੋਕੇਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮੰਡੀ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਇੱਕ ਨਿੱਜੀ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ।
31 ਮਾਰਚ ਨੂੰ ਫੇਸਬੁੱਕ ’ਤੇ ਉਸਦੀ ਪਛਾਣ ਈਸ਼ੂ ਸ਼ਰਮਾ ਨਾਮ ਦੀ ਇੱਕ ਲੜਕੀ ਨਾਲ ਹੋਈ। ਇਸ ਤੋਂ ਬਾਅਦ ਦੋਵਾਂ ਵਿਚਕਾਰ ਵਟਸਐਪ ’ਤੇ ਗੱਲਬਾਤ ਸ਼ੁਰੂ ਹੋ ਗਈ। ਕੁਝ ਸਮੇਂ ਬਾਅਦ ਲੜਕੀ ਨੇ ਉਸਨੂੰ ਆਨਲਾਈਨ ਬਿਜ਼ਨਸ ਅਤੇ ਨਿਵੇਸ਼ ਰਾਹੀਂ ਕਮਾਈ ਦਾ ਲਾਲਚ ਦਿੱਤਾ। ਦੋਸ਼ ਹੈ ਕਿ ਲੜਕੀ ਨੇ ਲੋਕੇਸ਼ ਨੂੰ ਟਿਕਟਾਕ ਆਨਲਾਈਨ ਸ਼ਾਪ ਨਾਮ ਪਲੇਟਫਾਰਮ ’ਤੇ ਬਿਜ਼ਨਸ ਕਰਨ ਦੀ ਸਲਾਹ ਦਿੱਤੀ ਅਤੇ ਉਸਨੂੰ ਇੱਕ ਲਿੰਕ ਭੇਜਿਆ ਗਿਆ। ਲੜਕੀ ਦੇ ਕਹਿਣ ’ਤੇ ਲੋਕੇਸ਼ ਨੇ ਵੈੱਬਸਾਈਟ ’ਤੇ ਆਪਣੀ ਆਈਡੀ ਬਣਾਈ। ਗੱਲਬਾਤ ਦੌਰਾਨ ਲੜਕੀ ਵਟਸਐਪ ਨੰਬਰ ਰਾਹੀਂ ਸੰਪਰਕ ਕਰਦੀ ਰਹੀ। ਲੋਕੇਸ਼ ਦੇ ਅਨੁਸਾਰ ਲੜਕੀ ਨੇ ਉਸਨੂੰ ਵਾਰ-ਵਾਰ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਅਤੇ ਵੱਧ ਮੁਨਾਫੇ ਦਾ ਭਰੋਸਾ ਦਿਵਾਇਆ। ਇਸ ਕਾਰਨ ਉਸਨੇ ਅਪ੍ਰੈਲ 2026 ਦੌਰਾਨ ਕਈ ਕਿਸ਼ਤਾਂ ਵਿਚ ਰਕਮ ਟ੍ਰਾਂਸਫਰ ਕੀਤੀ। ਪੀੜਤ ਮੁਤਾਬਕ ਉਸਨੇ 15 ਅਪ੍ਰੈਲ ਤੋਂ 25 ਅਪ੍ਰੈਲ ਦੇ ਵਿਚਕਾਰ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਰਾਹੀਂ ਕੁੱਲ 4 ਲੱਖ 39 ਹਜ਼ਾਰ 301 ਰੁਪਏ ਆਨਲਾਈਨ ਭੇਜ ਦਿੱਤੇ।
ਲੋਕੇਸ਼ ਨੇ ਦੱਸਿਆ ਕਿ ਜਦੋਂ ਉਸਨੇ ਕਥਿਤ ਕੰਪਨੀ ਦੀ ਵੈਧਤਾ ਅਤੇ ਜੀਐਸਟੀ ਸਬੰਧੀ ਜਾਣਕਾਰੀ ਮੰਗੀ ਤਾਂ ਲੜਕੀ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਸਨੂੰ ਸ਼ੱਕ ਹੋਇਆ ਕਿ ਉਸ ਨਾਲ ਧੋਖਾਧੜੀ ਹੋਈ ਹੈ। ਜਿਸ ਤੋਂ ਬਾਅਦ ਉਸਨੇ ਇਸਦੀ ਸ਼ਿਕਾਇਤ ਸਾਈਬਰ ਥਾਣਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਸਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ।