ਗੁੱਜਰਾਂ ਤੇ ਢੰਡੋਲੀ ਖੁਰਦ ’ਚ ਨਕਲੀ ਸ਼ਰਾਬ ਨੂੰ ਲੈ ਕੇ ਚੈਕਿੰਗ
ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਰੋਕਥਾਮ ਲਈ ਵਿਭਾਗੀ ਚੈਕਿੰਗ
Publish Date: Sun, 03 May 2026 03:34 PM (IST)
Updated Date: Mon, 04 May 2026 04:02 AM (IST)

ਇਨ੍ਹਾਂ ਪਿੰਡਾਂ ’ਚ 2 ਸਾਲ ਪਹਿਲਾਂ ਨਕਲੀ ਸ਼ਰਾਬ ਪੀਣ ਨਾਲ ਦਰਜਨ ਲੋਕਾਂ ਦੀ ਮੌਤ ਹੋਈ ਸੀ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਆਬਕਾਰੀ ਵਿਭਾਗ ਵੱਲੋਂ ਨੇੜਲੇ ਪਿੰਡ ਗੁੱਜਰਾਂ ਤੇ ਢੰਡੋਲੀ ਖੁਰਦ ਅੰਦਰ ਵਿਸ਼ੇਸ਼ ਤੌਰ ’ਤੇ ਨਕਲੀ ਸ਼ਰਾਬ ਨੂੰ ਲੈ ਕੇ ਚੈਕਿੰਗ ਕੀਤੀ ਗਈ। ਜ਼ਿਕਰਯੋਗ ਹੈ ਇਹ ਹਲਕਾ ਦਿੜ੍ਹਬਾ ਦੇ 2 ਉਹ ਪਿੰਡ ਹਨ, ਜਿਨ੍ਹਾਂ ਪਿੰਡਾਂ ਵਿਚ ਪਿਛਲੇ 2 ਸਾਲ ਪਹਿਲਾਂ ਨਕਲੀ ਸ਼ਰਾਬ ਪੀਣ ਨਾਲ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਗੰਭੀਰ ਰੂਪ ਧਾਰਨ ਕਰ ਗਏ ਸਨ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਆਬਕਾਰੀ ਵਿਭਾਗ ਨੇ ਦਿੜ੍ਹਬਾ ਹਲਕੇ ਦੇ ਪਿੰਡ ਗੁੱਜਰਾਂ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਅੰਦਰ ਚੈਕਿੰਗ ਕੀਤੀ ਗਈ। ਆਬਕਾਰੀ ਕਮਿਸ਼ਨਰ ਪੰਜਾਬ ਦੀ ਜਤਿੰਦਰ ਜੋਰਾਵਾਲ, ਉਪ ਕਮਿਸ਼ਨਰ ਆਬਕਾਰੀ ਪਵਨਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਤੇ ਗੁਲਸ਼ਨ ਤੁਰੀਆ ਸਹਾਇਕ ਕਮਿਸ਼ਨਰ ਅਬਕਾਰੀ ਸੰਗਰੂਰ ਤੇ ਲਖਮੀਰ ਚੰਦ ਆਬਕਾਰੀ ਅਫਸਰ ਸੰਗਰੂਰ-2 ਦੀ ਅਗਵਾਈ ਹੇਠ ਬੁੱਧ ਰਾਮ ਆਬਕਾਰੀ ਇੰਸਪੈਕਟਰ ਦਿੜ੍ਹਬਾ, ਗੋਰਵ ਜਿੰਦਲ ਆਬਕਾਰੀ ਇੰਸਪੈਕਟਰ ਸੁਨਾਮ, ਹੈਪੀ ਸਿੰਘ ਆਬਕਾਰੀ ਇੰਸਪੈਕਟਰ ਲਹਿਰਾ ਤੇ ਅਜੇ ਕੁਮਾਰ ਮਿੱਤਲ ਆਬਕਾਰੀ ਇੰਸਪੈਕਟਰ ਅਹਿਮਦਗੜ੍ਹ ਵੱਲੋਂ ਨਕਲੀ ਸ਼ਰਾਬ ਘਰ ਦੀ ਕੱਢੀ ਸ਼ਰਾਬ ਤੇ ਬਾਹਰਲੇ ਰਾਜਾਂ ਤੋਂ ਤਸਕਰ ਹੋ ਕੇ ਆਈ ਸ਼ਰਾਬ ਦੀ ਰੋਕਥਾਮ ਲਈ ਵੱਖ-ਵੱਖ ਘਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੇ ਨਾਲ-ਨਾਲ ਗੁਲਸ਼ਨ ਤੁਰੀਆਂ ਸਹਾਇਕ ਕਮਿਸ਼ਨਰ ਆਬਕਾਰੀ ਸੰਗਰੂਰ ਵੱਲੋਂ ਲੋਕਾਂ ਨੂੰ ਨਕਲ਼ੀ ਸ਼ਰਾਬ, ਘਰ ਦੀ ਘਰ ਦੀ ਸ਼ਰਾਬ ਹਾਨੀਕਾਰਕ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ ਅਤੇ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਨਕਲੀ ਸ਼ਰਾਬ, ਘਰ ਦੀ ਕੱਚੀ ਸ਼ਰਾਬ ਜਾਂ ਬਾਹਰਲੇ ਰਾਜਾਂ ਤੋਂ ਸਮੱਗਲ ਹੋ ਕੇ ਆਈ ਸ਼ਰਾਬ ਦੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਆਬਕਾਰੀ ਵਿਭਾਗ ਨੂੰ ਸੂਚਿਤ ਕਰੋ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਦਿੜ੍ਹਬਾ ਦੇ ਪਿੰਡ ਗੁੱਜਰਾਂ ਤੇ ਢੰਡੋਲੀ ਖ਼ੁਰਦ ਵਿਚ ਦਰਜਨਾਂ ਲੋਕ ਨਕਲੀ ਸ਼ਰਾਬ ਪੀਣ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਸਨ ਜਿਸ ਨਾਲ ਕਈ ਪਰਿਵਾਰਾਂ ਦੇ ਚੁੱਲ੍ਹੇ ਬੁੱਝ ਗਏ ਸਨ।