ਖਜ਼ਾਨਾ ਮੰਤਰੀ ਖ਼ਿਲਾਫ ਫੁਟਿਆ ਈਟੀਟੀ ਅਧਿਆਪਕਾਂ ਦਾ ਗੁੱਸਾ
ਖਜ਼ਾਨਾ ਮੰਤਰੀ ਖਿਲਾਫ ਫੁਟਿਆ ਈਟੀਟੀ ਅਧਿਆਪਕਾਂ ਦਾ ਗੁੱਸਾ
Publish Date: Mon, 06 Oct 2025 04:48 PM (IST)
Updated Date: Tue, 07 Oct 2025 04:04 AM (IST)

ਜਖੇਪਲ ਵਿਖੇ ਪੋਲ ਖੋਲ੍ਹ ਰੈਲੀ ਕਰਕੇ ਘਰ-ਘਰ ਵੰਡੇ ਪੰਫਲੇਟ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁੱਕਰਨ ਦੇ ਲਾਏ ਦੋਸ਼ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ 180 ਈਟੀਟੀ ਟੀਚਰ ਯੂਨੀਅਨ ਨੇ ਸੋਮਵਾਰ ਨੂੰ ਵਿੱਤ ਮੰਤਰੀ ਦੇ ਹਲਕੇ ’ਚ ਪੈਂਦੇ ਪਿੰਡ ਜਖੇਪਲ ਵਿਖੇ ਸਰਕਾਰ ਦੇ ਖ਼ਿਲਾਫ਼ ਪੋਲ ਖੋਲ੍ਹ ਰੈਲੀ ਕਰ ਕੇ ਘਰ-ਘਰ ਜਾਕੇ ਪੰਫਲੈਟ ਵੰਡੇ। ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਹੋਣ ਦੇ ਬਾਵਜੂਦ ਵੀ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਲਾਰੇਬਾਜ਼ੀ ਕਰ ਕੇ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ। ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਨੇ ਦੱਸਿਆ ਕਿ ਕਿਵੇਂ 180 ਈਟੀਟੀ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਬਿਨਾਂ ਕਿਸੇ ਕਾਰਨ ਖ਼ਤਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੁਆਰਾ ਆਪਣੀ ਰਿਪੋਰਟ ਲਿਖਤੀ ਰੂਪ ਵਿਚ ਤਿਆਰ ਕਰ ਕੇ ਸਾਰੀ ਗਲਤੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੱਢਣ ਉਪਰੰਤ ਵੀ ਵਿੱਤ ਮੰਤਰੀ ਵੱਲੋਂ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿਚ ਦਿੜ੍ਹਬਾ ਵਿਚ ਵੱਡੇ ਪੱਧਰ ਤੋਂ ਗੁਪਤ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਵਿੱਤ ਸਕੱਤਰ ਗੁਰਮੁਖ ਸਿੰਘ ਪਟਿਆਲਾ, ਦੇਵੀ ਦਿਆਲ, ਜਨਰਲ ਸਕੱਤਰ ਫ਼ਕੀਰ ਸਿੰਘ, ਜੋਗਿੰਦਰ ਸਿੰਘ ਵਰ੍ਹੇ, ਪਵਨ ਕੁਮਾਰ, ਰਾਕੇਸ਼ ਗੁਰਦਾਸਪੁਰ, ਵਿਕਰਮਜੀਤ ਸਿੰਘ, ਕਿਸਾਨ ਆਗੂ ਅਮਰੀਕ ਸਿੰਘ ਗੰਢੂਆਂ, ਜਸਵੰਤ ਸਿੰਘ ਤੋਲਾਵਾਲ, ਧੰਨ ਸਿੰਘ ਮਿਸ਼ਰੀ, ਦਰਸ਼ਨ ਸਿੰਘ , ਬਲਕਾਰ ਸਿੰਘ, ਕਣਕਵਾਲ, ਸ਼ਮਸ਼ੇਰ ਸਿੰਘ , ਸੁਖਪਾਲ ਮਾਣਕ ਕਣਕਵਾਲ ਹਾਜ਼ਰ ਸਨ।