ਐਨਰਜੀ ਡ੍ਰਿੰਕਸ ਸਿਹਤ ਲਈ ਨੁਕਸਾਨਦਾਇਕ
ਐਨਰਜੀ ਡ੍ਰਿੰਕਸ ਸਿਹਤ ਲਈ ਨੁਕਸਾਨਦਾਇਕ
Publish Date: Sun, 26 Apr 2026 04:36 PM (IST)
Updated Date: Sun, 26 Apr 2026 04:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਿਰ ਸਰਹਿੰਦ ਵਿਖੇ ਕਰਵਾਈ ਗਈ ਵਿਸ਼ੇਸ਼ ਪ੍ਰਾਥਨਾ ਸਭਾ ਦੀ ਸ਼ੁਰੂਆਤ ਦੀਦੀ ਜੀਨਤ ਨੇ ਜੋਤ ਜਗਾ ਕੇ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਵਿਚ ਵਧ ਰਹੇ ਐਨਰਜੀ ਡ੍ਰਿੰਕਸ ਦੇ ਰੁਝਾਨ ਪ੍ਰਤੀ ਸੁਚੇਤ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੇ ਪੀਣ ਵਾਲੇ ਪਦਾਰਥਾਂ ਵਿਚ ਕੈਫੀਨ ਅਤੇ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਘਾਤਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਐਨਰਜੀ ਡ੍ਰਿੰਕਸ ਨਾਲ ਮਿਲਣ ਵਾਲੀ ਤਾਕਤ ਸਿਰਫ਼ ਕੁਝ ਸਮੇਂ ਲਈ ਹੁੰਦੀ ਹੈ, ਜਦਕਿ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ ਕਾਫ਼ੀ ਮਾੜੇ ਹਨ। ਇਨ੍ਹਾਂ ਦੀ ਵਰਤੋਂ ਨਾਲ ਦਿਲ ਦੀ ਧੜਕਨ ਤੇਜ਼ ਹੋਣਾ, ਨੀਂਦ ਖ਼ਰਾਬ ਹੋਣੀ ਅਤੇ ਸਰੀਰਕ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਪ੍ਰਿੰਸੀਪਲ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਰਟੀਫਿਸ਼ੀਅਲ ਡ੍ਰਿੰਕਸ ਦੀ ਥਾਂ ਕੁਦਰਤੀ ਵਸਤਾਂ ਜਿਵੇਂ ਦੁੱਧ, ਜੂਸ ਅਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਐਨਰਜੀ ਡ੍ਰਿੰਕਸ ਨੂੰ ਨਾਂਹ ਅਤੇ ਸਿਹਤਮੰਦ ਜੀਵਨ ਨੂੰ ਹਾਂ ਦਾ ਨਾਅਰਾ ਦਿੰਦਿਆਂ ਵਿਸ਼ੇ ਦੀ ਸਮਾਪਤੀ ਕੀਤੀ।