ਕੰਬੋਜ ਨੇ ਰੁਪਿੰਦਰ ਕੌਰ ਚਹਿਲ ਦੇ ਹੱਕ ’ਚ ਮੰਗੀਆਂ ਵੋਟਾਂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ ਤਿੰਨ ਤੋਂ ਯੂਥ ਕਾਂਗਰਸੀ ਆਗੂ ਗੁਰੀ ਚਹਿਲ ਦੀ ਪਤਨੀ ਕਾਂਗਰਸ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਚਹਿਲ ਦੇ ਚੋਣ ਪ੍ਰਚਾਰ ਸਬੰਧੀ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਬਾਸਮਾ, ਬਲਵਿੰਦਰ ਸਿੰਘ ਕੋਟਲਾ, ਕਰਮਜੀਤ ਸਿੰਘ ਗਾਂਧੀ, ਗੁਰਦਰਸ਼ਨ ਸਿੰਘ, ਸਤੀਸ਼ ਰਾਣਾ, ਪਰਮਜੀਤ ਸਿੰਘ ਪਾਲ ਦੀ ਅਗਵਾਈ ਹੇਠ ਚੋਣ ਮੀਟਿੰਗ ਸੱਦੀ ਗਈ। ਇਸ ਮੌਕੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ਤੌਰ ’ਤੇ ਪੁੱਜੇ ਤੇ ਉਨਾਂ ਦਾ ਗੁਰੀ ਚਹਿਲ ਤੇ ਰੁਪਿੰਦਰ ਕੌਰ ਚਹਿਲ ਨੇ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਵਾਰਡ ਨੰਬਰ ਤਿੰਨ ਅਧੀਨ ਪੈਂਦੇ ਫੋਕਲ ਪੁਆਇੰਟ ਤੇ ਨੇੜ ਦੀਆਂ ਕਾਲੋਨੀਆਂ ਦੇ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਫੋਕਲ ਪੁਆਇੰਟ ਤੇ ਨਾਲ ਲੱਗਦੇ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦਾ ਨਵੀਨੀਕਰਨ ਤੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪਾਣੀ ਸਣੇ ਪਾਰਕ ’ਚ ਓਪਨ ਜਿਮ ਤੱਕ ਲਗਵਾ ਕੇ ਦਿੱਤਾ ਗਿਆ ਸੀ ਪਰ ਆਪ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਫੋਕਲ ਪੁਆਇੰਟ ਏਰੀਆ ਦੇ ਵਸਨੀਕ ਵਿਕਾਸ ਨੂੰ ਤਰਸ ਰਹੇ ਹਨ ਉੱਥੇ ਦੂਜੇ ਪਾਸੇ ਇੰਡਸਟਰੀਅਲ ਏਰੀਏ ਦੀਆਂ ਸੜਕਾਂ ’ਤੇ ਵੱਡੇ ਵੱਡੇ ਟੋਏ ਪੈਣ ਕਾਰਨ ਰਾਹਗੀਰਾਂ ਨੂੰ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸ਼ਹਿਰ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸਫ਼ਾਈ ਤੇ ਵਿਕਾਸ ਕਾਰਜਾਂ ਪੱਖੋਂ ਦੇਸ਼ ਭਰ ’ਚੋਂ ਪਹਿਲੇ ਸਥਾਨ ’ਤੇ ਆਉਣ ਤੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਹੋਇਆ ਸੀ ਤੇ ਅੱਜ ਆਪ ਸਰਕਾਰ ਦੇ ਸਮੇਂ 566ਵੇਂ ਨੰਬਰ ’ਤੇ ਪੁੱਜ ਗਿਆ ਹੈ ਅਤੇ ਗੰਦਗੀ ਦੇ ਚਲਦਿਆਂ ਨਗਰ ਕੌਂਸਲ ਨੂੰ 2 ਲੱਖ ਰੁਪਏ ਜੁਰਮਾਨਾ ਵੀ ਦੇਣਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਚਹਿਲ ਇਕ ਪੜ੍ਹੀ ਲਿਖੀ ਤੇ ਨਾਮੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰੁਪਿੰਦਰ ਕੌਰ ਚਹਿਲ ਨੂੰ 26 ਮਈ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਜਿਤਾਉਣ ਤਾਂ ਜੋ ਉਨ੍ਹਾਂ ਦੇ ਏਰੀਏ ਦੇ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਰੇਕ ਔਰਤ ਨੂੰ 1- 1 ਹਜ਼ਾਰ ਰੁਪਏ ਦੇਣ ਦੀਆਂ ਗਾਰੰਟੀਆਂ ਦੇ ਕੀਤੇ ਗਏ ਵਾਅਦੇ ਫੇਲ੍ਹ ਹੋ ਕੇ ਰਹਿ ਗਏ ਹਨ ਅਤੇ ਹੁਣ ਪੰਜਾਬ ਸੂਬੇ ਦੇ ਲੋਕ ਆਪ ਪਾਰਟੀ ਦੇ ਬਹਿਕਾਵੇ ਵਿਚ ਨਾ ਆ ਕੇ 2027 ਦੇ ਦੌਰਾਨ ਪੰਜਾਬ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਮੌਕੇ ਮਲਕੀਤ ਸਿੰਘ ਉੱਪਲਹੇੜੀ, ਤਜਿੰਦਰ ਸਿੰਘ ਘੜਾਮਾ, ਗੁਰਚਰਨ ਸਿੰਘ ਪੰਛੀ, ਗਗਨ ਭੰਗੂ, ਰਵਿੰਦਰ ਸਿੰਘ ਮੈਕੀ, ਮੇਹਰ ਚੰਦ, ਬੱਬੂ ਚਹਿਲ, ਸਤਪਾਲ ਸਿੰਘ, ਕਰਮ ਚੰਦ, ਡਾਕਟਰ ਤਿਲਕ ਰਾਜ, ਗੁਰਪ੍ਰੀਤ ਸਿੰਘ ਮਜੀਠੀਆ, ਜਸਪਾਲ ਸਿੰਘ ਜੱਗਾ, ਪ੍ਰਕਾਸ਼ ਜੇਕੇ ਡੇਅਰੀ, ਸ਼ਰਮਾ ਟੈਂਕਰਾਂ ਵਾਲਾ, ਪਬਲਾ ਸਮੇਤ ਹੋਰ ਹਾਜ਼ਰ ਸਨ।