45 ਡਿਗਰੀ ਦੇ ਬਾਵਜੂਦ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰ ਵੋਟਰਾਂ ਤੱਕ ਕਰ ਰਹੇ ਪਹੁੰਚ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਨੂੜ ਸ਼ਹਿਰ ਦਾ ਚੋਣ ਅਖਾੜਾ 45 ਡਿਗਰੀ ਤਾਪਮਾਨ ਦੀ ਪਰਵਾਹ ਕੀਤੇ ਬਿਨਾਂ ਭਖਿਆ ਪਿਆ ਹੈ। ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰ ਅੱਗ ਵਰਾਉਂਦੀ ਗਰਮੀ ਦੀ ਪਰਵਾਹ ਕੀਤੇ ਬਿਨ੍ਹਾਂ ਸ਼ਾਂਤ ਮਈ ਮਾਹੌਲ ਵਿਚ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਹਨ। ਸ਼ਹਿਰ ਦੇ 13 ਵਾਰਡਾਂ ਲਈ 1 ਅਜ਼ਾਦ ਉਮੀਦਵਾਰ ਸਮੇਤ 40 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਕਾਲੀ ਤੇ ਭਾਜਪਾ ਨੂੰ ਇਸ ਵਾਰ 13 ਵਾਰਡਾਂ ਲਈ ਪੂਰੇ ਉਮੀਦਵਾਰ ਨਹੀ ਲੱਭੇ। ਕਿਉਕਿ ਦੋਨੋਂ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਵਰਕਰਾਂ ਨਾਲ ਤਾਲਮੇਲ ਨਹੀਂ ਬਣਾਇਆ ਜਾਂਦਾ ਜਿਸ ਦੇ ਚਲਦੇ ਪਾਰਟੀ ਨੂੰ ਲੰਬੀ ਜੱਦੋ ਜਹਿਦ ਤੋਂ ਬਾਅਦ ਵੀ ਪੂਰੇ ਉਮੀਦਵਾਰ ਨਹੀਂ ਲੱਭੇ। ਦੱਸਣਯੋਗ ਹੈ ਕਿ ਸ਼ਹਿਰ ਦੇ ਕੁਲ 13 ਵਾਰਡ ਹਨ ਜਿਨ੍ਹਾਂ ਲਈ 56 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ, ਉਨ੍ਹਾਂ ’ਚੋਂ ਕਾਂਗਰਸ ਪਾਰਟੀ ਦੇ ਦੋ ਕਵਰਿੰਗ ਉਮੀਦਵਾਰਾਂ ਦੇ ਪੰਜਾਬ ਵਾਸੀ ਦੇ ਸਰਟੀਫਿਕੇਟ ਵਿਚ ਖਾਮੀ ਹੋਣ ਦੇ ਚਲਦੇ ਰੱਦ ਕਰ ਦਿੱਤੇ ਗਏ ਸਨ। ਜਦੋਂ ਕਿ 19 ਮਈ ਨੂੰ ਕਾਗਜ਼ ਵਾਪਸੀ ਦੇ ਦਿਨ ਇਕ ਆਜ਼ਾਦ ਉਮੀਦਵਾਰ ਸਮੇਤ 14 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਹੁਣ ਕੇਵਲ 40 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ਜਿਨ੍ਹਾਂ ਵਿਚ ਕਾਂਗਰਸ ਦੇ 13, ਆਮ ਆਦਮੀ ਪਾਰਟੀ ਦੇ 13, ਬੀਜੇਪੀ ਦੇ ਅੱਠ ਉਮੀਦਵਾਰ ਵਾਰਡ ਨੰਬਰ 4,5,7,8,10,12,13 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੇਵਲ ਪੰਜ ਉਮੀਦਵਾਰ ਵਾਰਡ ਨੰਬਰ 2,7,10,11 ਅਤੇ 12 ਤੋਂ ਆਪਣੀ ਕਿਸਮਤ ਅਜਮਾ ਰਹੇ ਹਨ ਜਦਕਿ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰਿਆ ਹੋਇਆ ਹੈ। ਚੋਣਾਂ ਵਿਚ ਭਾਵੇ ਇਸ ਵਾਰ ਬਹੁਤ ਹੀ ਘੱਟ ਸਮਾਂ ਮਿਲਿਆ ਹੈ ਪਰ ਸ਼ਹਿਰ ਦੇ ਹਰ ਵਾਰਡ ਤੋਂ ਹਰ ਇਕ ਉਮੀਦਵਾਰ ਸ਼ਾਂਤ ਮਈ ਤਰੀਕੇ ਨਾਲ ਲੋਕਾਂ ਦੇ ਘਰ ਘਰ ਜਾ ਕੇ ਆਪਣੇ ਲਈ ਵੋਟਾਂ ਦੀ ਮੰਗ ਕਰ ਰਹੇ ਹਨ। ਇਨ੍ਹਾਂ ਚੋਣਾ ਵਿਚ ਜਿਆਦਾਤਰ ਮੁਕਾਬਲੇ ਆਪ ਤੇ ਕਾਂਗਰਸ ਵਿਚ ਹੁੰਦੇ ਵਿਖਾਈ ਦੇ ਰਹੇ ਹਨ ਜਦਕਿ ਇਕ ਦੋ ਸੀਟ ਤੇ ਤਿਕੌਣਾ ਮੁਕਾਬਲਾ ਬਣਿਆ ਹੋਇਆ ਹੈ। ਗੱਲ ਕਰੀਏ ਤਾਂ ਵੱਡੇ ਆਗੂ ਜੀਵੇ ਕਾਂਗਰਸ ਦੀ ਕਮਾਨ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਉਨਾਂ ਦੇ ਸਪੁੱਤਰ ਮਿਲਟੀ ਕੰਬੋਜ ਤੇ ਸ਼ਹਿਰੀ ਕਾਂਗਰਸ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਨੇ ਸੰਭਾਲੀ ਹੋਈ ਹੈ ਜੋ ਆਪਣੇ ਉਮੀਦਵਾਰਾਂ ਨਾਲ ਵੋਟਰਾਂ ਦੇ ਘਰ ਘਰ ਜਾ ਕੇ ਆਪਣੀ ਸਰਕਾਰ ਸਮੇਂ ਕਰਵਾਏ ਹੋਏ ਕੰਮਾਂ ਦੇ ਅਧਾਰ ਤੇ ਵੋਟਾਂ ਦੀ ਮੰਗ ਕਰ ਰਹੇ ਹਨ। ਆਪ ਦੀ ਕਮਾਨ ਹਲਕਾ ਵਿਧਾਇਕ ਨੀਨਾ ਮਿੱਤਲ ਤੇ ਉਨਾਂ ਦੇ ਪੁੱਤਰ ਲਵਿਸ਼ ਮਿੱਤਲ ਨੇ ਸੰਭਾਲੀ ਹੋਈ ਹੈ ਉਹ ਵੀ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ ਤੇ ਪਾਰਟੀ ਵੱਲੋਂ ਕਰਵਾਏ ਕੰਮਾ ਤੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦੇ ਅਧਾਰ ਤੇ ਵੋਟਾਂ ਦੀ ਮੰਗ ਕਰ ਰਹੇ ਹਨ। ਭਾਜਪਾ ਦੀ ਕਮਾਨ ਪਾਰਟੀ ਦੇ ਸੀਨੀਅਰ ਆਗੂ ਜਗਦੀਸ਼ ਕੁਮਾਰ ਜੱਗਾ ਤੇ ਚਰਨਜੀਤ ਸਿੰਘ ਬਰਾੜ ਨੇ ਸੰਭਾਲੀ ਹੋਈ ਹੈ ਉਹ ਲੋਕਾਂ ਤੱਕ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਅਧਾਰ ਤੇ ਵੋਟਾਂ ਦੀ ਮੰਗ ਕਰ ਰਹੇ ਹਨ। ਉਧਰ ਸ੍ਰੋਅਦ ਦੀ ਕਮਾਨ ਹਲਕਾ ਇੰਚਾਰਜ ਸੁਰਜੀਤ ਸਿੰਘ ਗੜ੍ਹੀ, ਸਾਧੂ ਸਿੰਘ ਖਲੌਰ ਨੇ ਸੰਭਾਲੀ ਹੋਈ ਹੈ ਉਹ ਵੀ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦਾ ਯਤਨ ਕਰ ਰਹੇ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਸ਼ਹਿਰ ਦਾ ਮਾਹੋਲ ਅੱਤ ਦੀ ਗਰਮੀ ਵਿਚ ਭਖਦੇ ਸੂਰਜ ਦੀ ਤਪਸ਼ ਵਾਂਗ ਭਖਿਆ ਪਿਆ ਹੈ। ਸ਼ਹਿਰ ਦੇ ਮਾਹੋਲ ਨੂੰ ਵੇਖ ਕੇ ਜਾਪਦਾ ਹੈ ਕਿ 26 ਤਰੀਕ ਦੀਆਂ ਵੋਟਾਂ ਅਮਨ ਅਮਾਨ ਤੇ ਆਪਸੀ ਭਾਈਚਾਰੇ ਨੂੰ ਮੁੱਖ ਰਖਦੇ ਹੋਏ ਸਿਰੇ ਚੜ੍ਹਨਗੀਆਂ।