ED ਦੀ ਵੱਡੀ ਕਾਰਵਾਈ : ਸਾਬਕਾ DIG ਭੁੱਲਰ ਦੇ ਮਾਮਲੇ ’ਚ ਪਟਿਆਲਾ ’ਚ ਕਈ ਥਾਵਾਂ ’ਤੇ ਛਾਪੇਮਾਰੀ
ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੋਮਵਾਰ ਤੜਕਸਾਰ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ, ਈ.ਡੀ. ਦੀਆਂ ਟੀਮਾਂ ਨੇ ਪਟਿਆਲਾ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਦਸਤਕ ਦਿੱਤੀ ਹੈ। ਇਹ ਕਾਰਵਾਈ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ।
Publish Date: Mon, 27 Apr 2026 10:44 AM (IST)
Updated Date: Mon, 27 Apr 2026 10:47 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੋਮਵਾਰ ਤੜਕਸਾਰ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ, ਈ.ਡੀ. ਦੀਆਂ ਟੀਮਾਂ ਨੇ ਪਟਿਆਲਾ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਦਸਤਕ ਦਿੱਤੀ ਹੈ। ਇਹ ਕਾਰਵਾਈ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਸੋਮਵਾਰ ਸਵੇਰੇ ਈ.ਡੀ. ਦੀ ਇੱਕ ਟੀਮ ਪਟਿਆਲਾ ਸ਼ਹਿਰ ਦੀ ਪ੍ਰਸਿੱਧ ਮੋਤੀ ਬਾਗ਼ ਕਲੋਨੀ ਵਿੱਚ ਸਥਿਤ ਇੱਕ ਨਾਮੀ ਕਲੋਨਾਇਜ਼ਰ (ਬਿਲਡਰ) ਦੇ ਘਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਵੱਲੋਂ ਇਸ ਬਿਲਡਰ ਦੇ ਟਿਕਾਣੇ 'ਤੇ ਪਹਿਲਾਂ ਵੀ ਜਾਂਚ ਕੀਤੀ ਜਾ ਚੁੱਕੀ ਹੈ ਪਰ ਅੱਜ ਮੁੜ ਹੋਈ ਛਾਪੇਮਾਰੀ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਅਧਿਕਾਰੀਆਂ ਵੱਲੋਂ ਘਰ ਦੇ ਅੰਦਰ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਪਟਿਆਲਾ ਸ਼ਹਿਰ ਤੋਂ ਇਲਾਵਾ, ਈ.ਡੀ. ਦੀ ਦੂਜੀ ਟੀਮ ਵੱਲੋਂ ਨਾਭਾ ਵਿਖੇ ਵੀ ਛਾਪੇਮਾਰੀ ਕੀਤੀ ਗਈ। ਖ਼ਬਰਾਂ ਮੁਤਾਬਕ, ਇਹ ਕਾਰਵਾਈ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਗੋਬਿੰਦਗੜ੍ਹ ਮਾਮਲੇ ਨਾਲ ਸਬੰਧਤ ਇੱਕ ਨਜ਼ਦੀਕੀ ਸਹਿਯੋਗੀ ਦੇ ਘਰ ਕੀਤੀ ਜਾ ਰਹੀ ਹੈ। ਜਾਂਚ ਟੀਮਾਂ ਵੱਲੋਂ ਮੌਕੇ 'ਤੇ ਮੌਜੂਦ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਰਿਕਾਰਡ ਕਬਜ਼ੇ ਵਿੱਚ ਲਏ ਜਾ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਕਾਰਵਾਈ ਸਾਬਕਾ ਪੁਲਿਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਵਿਰੁੱਧ ਚੱਲ ਰਹੀ ਜਾਂਚ ਦੀ ਇੱਕ ਕੜੀ ਹੈ। ਈ.ਡੀ. ਪੰਜਾਬ ਭਰ ਵਿੱਚ ਉਹਨਾਂ ਟਿਕਾਣਿਆਂ ਅਤੇ ਵਿਅਕਤੀਆਂ ਦੀ ਸ਼ਨਾਖਤ ਕਰ ਰਹੀ ਹੈ, ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਮਾਮਲੇ ਨਾਲ ਜੁੜੇ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਛਾਪੇਮਾਰੀ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਪ੍ਰਭਾਵਸ਼ਾਲੀ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।
ਛਾਪੇਮਾਰੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਿਰੋਧ ਜਾਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਈ.ਡੀ. ਦੀਆਂ ਟੀਮਾਂ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਜੂਦ ਹਨ। ਜਾਂਚ ਅਧੀਨ ਘਰਾਂ ਦੇ ਬਾਹਰ ਸਖ਼ਤ ਪਹਿਰਾ ਲਗਾਇਆ ਗਿਆ ਹੈ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਹਾਲਾਂਕਿ, ਅਜੇ ਤੱਕ ਈ.ਡੀ. ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਵਿਭਾਗ ਵੱਲੋਂ ਵੱਡਾ ਖੁਲਾਸਾ ਕੀਤਾ ਜਾਵੇਗਾ।