ਚੋਣ ਪ੍ਰਕਿਰਿਆ ਦੌਰਾਨ ਸਫ਼ਾਈ ਸੇਵਕਾਂ ਨੇ ਸਰਕਾਰ ਖ਼ਿਲਾਫ ਰੋਸ ਮਾਰਚ ਕੱਢਿਆ
ਨਗਰ ਕੌਂਸਲ ਚੋਣ ਪ੍ਰਕਿਰਿਆ ਦੌਰਾਨ ਸਫ਼ਾਈ ਸੇਵਕਾਂ ਨੇ ਸਰਕਾਰ ਖ਼ਿਲਾਫ ਰੋਸ ਮਾਰਚ ਕੱਢਿਆ
Publish Date: Sat, 16 May 2026 05:59 PM (IST)
Updated Date: Sat, 16 May 2026 06:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਸ਼ਹਿਰ ਵਿਚ ਥਾਂ-ਥਾਂ ਤੇ ਲੱਗੇ ਗੰਦੇ ਕੂੜੇ ਦੇ ਢੇਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਨਗਰ ਕੌਂਸਲ ਦੇ ਕੱਚੇ ਸਫਾਈ ਮੁਲਾਜ਼ਮਾਂ ਨੇ ਲੰਘੀ 6 ਮਈ ਤੋਂ ਅਣਮਿਥੇ ਸਮੇਂ ਲਈ ਸ਼ੂਰੂ ਕੀਤਾ ਸੰਘਰਸ਼ ਨੇ ਹੋਰ ਤਿੱਖਾ ਕਰ ਦਿੱਤਾ ਹੈ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੱਲ ਰਹੀ ਪ੍ਰਕ੍ਰਿਆ ਦੌਰਾਨ ਵੱਡੀ ਗਿਣਤੀ ਵਿਚ ਇਕੱਤਰ ਹੋਏ ਮੁਲਾਜ਼ਮਾਂ ਨੇ ਸ਼ਹਿਰ ’ਚ ਰੋਸ ਮਾਰਚ ਕੱਢਿਆ, ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਪੰਜਾਬ ਸਰਕਾਰ ਨੂੰ ਗੂੰਗੀ ਬੋਲੀ ਦੱਸਦੇ ਹੋਏ ਜੰਮ ਦੇ ਭੜਾਸ ਕੱਢੀ। ਦਰਜਾ ਚਾਰ ਕਰਮਚਾਰੀ ਯੂਨੀਅਨ ਬਸੀ ਪਠਾਣਾਂ ਦੇ ਸੀਨੀਅਰ ਮੀਤ ਪ੍ਰਧਾਨ ਕਾਸ਼ੀ ਰਾਮ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਦੇਖਿਆ ਕਰ ਰਹੀ ਹੈ ਜਿਸ ਦੇ ਕਾਰਨ ਉਨ੍ਹਾਂ ਦੇ ਵਿਚ ਭਾਰੀ ਰੋਸ ਹੈ। ਸਫਾਈ ਸੇਵਕਾਂ ਨੇ ਤਨਖ਼ਾਹ ’ਚ ਵਾਧਾ ਕਰਨ ਨੂੰ ਲੈ ਕੇ ਤੇ ਪੱਕੇ ਕਰਨ ਨੂੰ ਲੈ ਕੇ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ’ਚ ਤਿੱਖੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਸਬੰਧੀ ਮੰਗ ਪੱਤਰ ਲੈ ਕੇ ਕਈ ਵਾਰ ਵਿਧਾਇਕ ਕੋਲ ਗਏ ਪਰ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।