ਮਾਰਕੀਟ ਕਮੇਟੀ ਅਮਲੋਹ ਦੀ ਅਣਗਹਿਲੀ ਸਦਕਾ ਅਨਾਜ ਮੰਡੀ ਬਣੀ ਨਰਕ ਦਾ ਅੱਡਾ
ਗਰਗ, ਪੰਜਾਬੀ ਜਾਗਰਣ, ਅਮਲੋਹ :ਪੰਜਾਬ ਸਰਕਾਰ ਵੱਲੋਂ 16 ਸਤੰਬਰ ਤੋਂ ਅਨਾਜ ਮੰਡੀਆਂ ਵਿਚ ਝੋਨੇ ਦੀ ਖਰੀਦ ਲਈ ਪੁਖ਼ਤਾ ਇੰਤਜ਼ਾਮਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਉਲਟ ਜੇਕਰ ਅਨਾਜ ਮੰਡੀ ਅਮਲੋਹ ਦੀ ਗੱਲ ਕਰੀਏ ਤਾਂ ਅਨਾਜ ਮੰਡੀ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਨਾਜ ਮੰਡੀ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ। ਸੀਵਰੇਜ ਦਾ ਪਾਣੀ ਬਹੁਤ ਥਾਵਾਂ ਤੋਂ ਲੀਕ ਹੋ ਰਿਹਾ ਹੈ ਤੇ ਸੀਵਰੇਜ ਦੇ ਢੱਕਣ ਟੁੱਟੇ ਪਏ ਹਨ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਪ੍ਰਦੀਪ ਗਰਗ ਨੇ ਕੀਤਾ। ਪ੍ਰਦੀਪ ਗਰਗ ਨੇ ਕਿਹਾ ਕਿ ਮਾਰਕੀਟ ਕਮੇਟੀ ਅਮਲੋਹ ਭ੍ਰਿਸ਼ਟਾਚਾਰ ਦਾ ਅੱਡਾ ਬਣ ਕੇ ਰਹਿ ਗਈ ਹੈ। ਮਾਰਕੀਟ ਕਮੇਟੀ ਵੱਲੋਂ ਕੁੱਝ ਮਹੀਨੇ ਪਹਿਲਾਂ ਅਨਾਜ ਮੰਡੀ ਦੀਆਂ ਸੜਕਾਂ ਤੇ ਫੜ੍ਹਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਪਰ ਕੁੱਝ ਮਹੀਨੇ ਬਾਅਦ ਹੀ ਅਨਾਜ ਮੰਡੀ ਦੀਆਂ ਸੜਕਾਂ ਅਤੇ ਫੜ੍ਹਾਂ ਦੀ ਹਾਲਤ ਖਸਤਾ ਹੋ ਰਹੀ ਹੈ। ਸੀਵਰੇਜ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਅਨਾਜ ਮੰਡੀ ਵਿੱਚ ਥਾਂ-ਥਾਂ ’ਤੇ ਪਾਣੀ ਖੜਾ ਹੈ। ਬੇਸ਼ੱਕ ਸਰਕਾਰ ਵੱਲੋਂ ਅੱਜ ਝੋਨੇ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ ਪਰ ਅਨਾਜ ਮੰਡੀ ਵਿੱਚ ਪੁਖਤਾ ਇੰਤਜਾਮ ਨਾ ਹੋਣ ਕਾਰਨ ਕਿਸਾਨ, ਆੜ੍ਹਤੀ ਤੇ ਮਜ਼ਦੂਰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਅਨਾਜ ਮੰਡੀ ਅਮਲੋਹ ਵਿਚ ਕਿਸਾਨਾਂ ਦੇ ਸਹੂਲਤ ਲਈ ਕਿਸਾਨ ਭਵਨ ਬਣਾਇਆ ਗਿਆ ਸੀ ਪਰ ਕਿਸਾਨ ਭਵਨ ਵਿਚ ਪਿਛਲੇ ਲੰਬੇ ਸਮੇਂ ਤੋਂ ਮਾਰਕੀਟ ਕਮੇਟੀ ਅਤੇ ਡੀਐੱਸਪੀ ਦਾ ਦਫ਼ਤਰ ਚਲ ਰਿਹਾ ਹੈ। ਅਨਾਜ ਮੰਡੀ ਵਿਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਰਾਤਾਂ ਗੁਜ਼ਾਰਣੀਆਂ ਪੈਂਦੀਆਂ ਹਨ। ਅਨਾਜ ਮੰਡੀ ਵਿਚ ਪੀਣ ਵਾਲੇ ਪਾਣੀ ਦੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਅਨਾਜ ਮੰਡੀ ਵਿਚ ਸਫਾਈ ਨਾ ਹੋਣ ਕਾਰਨ ਮੱਛਰ ਦੀ ਭਰਮਾਰ ਹੈ। ਸੀਜ਼ਨ ਦੌਰਾਨ ਸੈਂਕੜੇ ਦੀ ਗਿਣਤੀ ਵਿਚ ਮਹਿਲਾ ਅਤੇ ਪੁਰਸ਼ ਮਜ਼ਦੂਰ ਅਨਾਜ ਮੰਡੀ ਵਿਚ ਕੰਮ ਲਈ ਆਉਂਦੇ ਹਨ ਪਰੰਤੂ ਸੁਵਿਧਾਵਾਂ ਨਾ ਹੋਣ ਕਾਰਨ ਉਹ ਵੀ ਪਰੇਸ਼ਾਨੀ ਦੇ ਸਾਹਮਣਾ ਕਰਨਗੇ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾਣੀ ਸੀ ਪ੍ਰੰਤੂ ਅੱਜ ਸ਼ਾਮ ਤੱਕ ਝੋਨੇ ਦੀ ਆਮਦ ਅਨਾਜ ਮੰਡੀ ਵਿਚ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੀਵਰੇਜ ਦਾ ਪਾਣੀ ਅਨਾਜ ਮੰਡੀ ਨਜ਼ਦੀਕ ਖੂਹ ਵਿਚ ਪੈਂਦਾ ਹੈ। ਨਹਿਰੀ ਵਿਭਾਗ ਦਾ ਸੂਆ ਵੀ ਅਨਾਜ ਮੰਡੀ ਵਿਚ ਗੁਜਰਦਾ ਹੈ ਜੋ ਅਕਸਰ ਓਵਰਫਲੋ ਹੋ ਜਾਂਦਾ ਹੈ ਜਿਸ ਕਾਰਨ ਗੰਦੇ ਪਾਣੀ ਦੀ ਸਮੱਸਿਆ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਕਿਸੇ ਵੀ ਕਿਸਾਨ, ਆੜ੍ਹਤੀ ਜਾਂ ਮਜ਼ਦੂਰ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।