ਡੀਟੀਓ ਕਰਨ ਸਿੰਘ ਦੇ ਆਪ ’ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਅਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਡੀਟੀਓ ਕਰਨ ਸਿੰਘ ਵੱਲੋਂ ਨੇੜ ਭਵਿੱਖ ਵਿਚ ਆਪ ਵਿਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਨੇ ਉਸ ਵਕਤ ਹੋਰ ਜ਼ੋਰ ਫੜ ਲਿਆ ਜਦੋਂ ਨਗਰ ਕੌਂਸਲ ਪਾਤੜਾਂ ਦੀਆਂ ਹੋ ਰਹੀਆਂ ਚੋਣਾਂ ਦੀ ਪੋਲਿੰਗ ਦੌਰਾਨ ਮੰਗਲਵਾਰ ਨੂੰ ਡੀਟੀਓ ਕਰਨ ਸਿੰਘ ਨੇ ਆਪਣੇ ਵੱਡੀ ਗਿਣਤੀ ’ਚ ਸਮਰਥਕਾਂ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲਗਾਏ ਗਏ ਪੋਲਿੰਗ ਬੂਥਾਂ ਉੱਤੇ ਭਲਵਾਨੀ ਗੇੜਾ ਮਾਰਿਆ। ਇਸ ਦੌਰਾਨ ਜਿੱਥੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਪੁਰਾਣੇ ਅਕਾਲੀ ਸਮਰਥਕ ਹਾਜ਼ਰ ਸਨ ਉੱਥੇ ਉਹ ਪੋਲਿੰਗ ਬੂਥਾਂ ’ਤੇ ਬੈਠੇ ਉਮੀਦਵਾਰਾਂ ਅਤੇ ਉਨਾਂ ਦੇ ਸਮਰਥਕਾਂ ਨੂੰ ਵੀ ਪੂਰੀ ਗਰਮ ਜੋਸ਼ੀ ਨਾਲ ਮਿਲੇ। ਉਨ੍ਹਾਂ ਵੱਲੋਂ ਭਿਆਨਕ ਗਰਮੀ ਦੇ ਇਸ ਮੌਸਮ ਦੌਰਾਨ ਮਾਰੇ ਗਏ ਇਸ ਭਲਵਾਨੀ ਗੇੜੇ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਿਆਸਤ ਵਿਚ ਗਰਮਾਹਟ ਲਿਆ ਦਿੱਤੀ ਹੈ। ਪੋਲਿੰਗ ਬੂਥਾਂ ਦੇ ਦੌਰੇ ਦੌਰਾਨ ਸ਼ਹਿਰ ਦੇ ਸਭ ਤੋਂ ਵਿਕਾਰੀ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੀਡੀ ਸਿੰਗਲਾ ਨੂੰ ਉਨ੍ਹਾਂ ਦੇ ਪੋਲਿੰਗ ਬੂਥ ਉੱਤੇ ਪਹੁੰਚ ਕੇ ਮਿਲਦਿਆਂ ਉਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਪਰੰਤ ਉਹ ਵਾਰਡ ਨੰਬਰ ਸੱਤ ਦੇ ਪੋਲਿੰਗ ਬੂਥ ’ਤੇ ਪੁੱਜੇ ਤਾਂ ਉਥ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਆਜ਼ਾਦ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਡੀਟੀਓ ਕਰਨ ਸਿੰਘ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਇੱਥੇ ਉਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਵੀਤਾ ਸ਼ਰਮਾ, ਆਜ਼ਾਦ ਉਮੀਦਵਾਰ ਪ੍ਰੇਮ ਲਤਾ ਦੇ ਪਰਿਵਾਰਾਂ ਸਮੇਤ ਭਾਜਪਾ ਉਮੀਦਵਾਰ ਫਕੀਰ ਚੰਦ ਗੋਇਲ ਨੂੰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਟੀਓ ਕਰਨ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਸਮੇਤ ਨਿੱਜੀ ਤੌਰ ’ਤੇ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਅਤੇ ਬਿਨਾਂ ਕਿਸੇ ਡਰ ਤੇ ਭੈ ਦੇ ਬੇਖੌਫ ਹੋ ਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਸ਼ਹਿਰ ਵਾਸੀਆਂ ਨੂੰ ਕਰ ਰਹੇ ਸਨ। ਜਿਸ ਕਾਰਨ ਸ਼ਹਿਰ ਵਾਸੀਆਂ ਨੇ ਪੋਲਿੰਗ ਵਾਲੇ ਦਿਨ ਉਨ੍ਹਾਂ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੱਤਾ ਜਿਸ ਤੋਂ ਉਹ ਬਾਗੋਬਾਗ ਹਨ। ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਸਬੰਧੀ ਪੁੱਛੇ ਜਾਣ ’ਤੇ ਉਨਾਂ ਕਿਹਾ ਕਿ ਉਹ ਲੋਕਾਂ ਦੇ ਸੇਵਕ ਵਜੋਂ ਕੰਮ ਕਰ ਰਹੇ ਹਨ। ਇਲਾਕੇ ਨਾਲੋਂ ਉਨਾਂ ਦਾ ਪੁਰਾਣਾ ਰਿਸ਼ਤਾ ਹੈ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਉਨਾਂ ਦਾ ਮੁੱਖ ਉਦੇਸ਼ ਹੈ।