ਜਨਗਣਨਾ ਡਿਊਟੀਆਂ 'ਚ ਬੇਨਿਯਮੀਆਂ ਖ਼ਿਲਾਫ਼ ਐੱਸਡੀਐੱਮ ਦਫ਼ਤਰ ਦਾ ਕੀਤਾ ਘਿਰਾਓ
ਜਨਗਣਨਾ ਡਿਊਟੀਆਂ 'ਚ ਬੇਨਿਯਮੀਆਂ ਖ਼ਿਲਾਫ਼ ਐੱਸ.ਡੀ.ਐੱਮ. ਦਫ਼ਤਰ ਦਾ ਕੀਤਾ ਗਿਆ ਘਿਰਾਓ
Publish Date: Mon, 18 May 2026 06:13 PM (IST)
Updated Date: Mon, 18 May 2026 06:15 PM (IST)

ਫੋੋਟੋ 18ਪੀਟੀਐਲ: 19 ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ, ਸਮਾਣਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਬਲਾਕ ਕਮੇਟੀ ਸਮਾਣਾ ਵੱਲੋਂ ਅੱਜ ਤਹਿਸੀਲ ਸਮਾਣਾ ਵਿਖੇ ਜਨਗਣਨਾ ਡਿਊਟੀਆਂ ਲਗਾਉਣ ਅਤੇ ਕੱਟਣ ਦੇ ਸਮੇਂ ਹੋ ਰਹੀਆਂ ਬੇਨਿਯਮੀਆਂ ਅਤੇ ਪੱਖਪਾਤ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ ਅਤੇ ਮੰਗ ਪੱਤਰ ਸੌਂਪਿਆ। ਜੱਥੇਬੰਦੀ ਨੇ ਮੰਗ ਕੀਤੀ ਕਿ ਜਨਗਣਨਾ ਪ੍ਰਕਿਰਿਆ ਦੌਰਾਨ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਲਗਾਈਆਂ ਜਾਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਮ.ਐੱਫ. ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ, ਡੀ.ਟੀ.ਐੱਫ. ਦੇ ਜਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਮਾਣਾ ਅਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਬੇਲੂਮਾਜਰਾ ਨੇ ਦੱਸਿਆ ਕਿ ਮੌਜੂਦਾ ਸਮੇਂ ਜਨਗਣਨਾ ਲਈ ਡਿਊਟੀਆਂ ਲਗਾਉਣ ਵਿੱਚ ਵੱਡੇ ਪੱਧਰ ਤੇ ਅਸੰਤੁਲਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਅਧਿਆਪਕ ਵਰਗ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਿਹਾ ਹੈ। ਇਸੇ ਤਰ੍ਹਾਂ ਬਲਾਕ ਸਮਾਣਾ-3 ਵਿੱਚ ਪੈਂਦੇ ਸਰਕਾਰੀ ਹਾਈ ਸਕੂਲ ਬੇਲੂਮਾਜਰਾ ਵਿਖ਼ੇ ਸਿਰਫ ਦੋ ਅਧਿਆਪਕ ਨਿਯੁਕਤ ਹਨ ਅਤੇ ਦੋਵੇਂ ਅਧਿਆਪਕਾਂ ਦੀ ਜਨਗਣਨਾ ਵਿੱਚ ਡਿਊਟੀ ਲਗਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਇੱਕ ਵਫਦ 15 ਮਈ ਨੂੰ ਐੱਸ.ਡੀ.ਐੱਮ. ਸਾਹਿਬਾ ਨੂੰ ਮਿਲਣ ਗਿਆ ਸੀ ਜਿਸ ਵਿੱਚ ਕਪਲ ਕੇਸ ਅਤੇ ਮੈਡੀਕਲ ਸਮੱਸਿਆ ਕਾਰਨ ਡਿਊਟੀ ਤੋਂ ਛੋਟ, ਦੋ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਡਿਊਟੀ ਤੋਂ ਛੋਟ, ਕਿਸੇ ਵੀ ਸਕੂਲ ਵਿੱਚੋਂ 50% ਤੋਂ ਵੱਧ ਅਧਿਆਪਕਾਂ ਦੀ ਡਿਊਟੀ ਨਾ ਲਾਏ ਜਾਣ, ਸਿੰਗਲ ਪੇਰੈਂਟ ਨੂੰ ਡਿਊਟੀ ਤੋਂ ਛੋਟ, ਜਨਗਣਨਾ ਡਿਊਟੀ ਦੂਸਰੇ ਬਲਾਕਾਂ ਜਾਂ ਦੂਰ-ਦੁਰਾਡੇ ਨਾ ਲਗਾਉਣ ਅਤੇ ਜਨਗਣਨਾ ਡਿਊਟੀ ਸੰਬੰਧੀ ਐੱਸ.ਓ.ਪੀ ਜਾਰੀ ਕੀਤੇ ਜਾਣ ਨੂੰ ਲੈ ਕੇ ਮੰਗ ਪੱਤਰ ਦੇਣਾ ਸੀ ਪਰ ਐੱਸ.ਡੀ.ਐਮ. ਸਾਹਿਬਾ ਵੱਲੋਂ ਆਪਣੇ ਕਰਮਚਾਰੀਆਂ ਰਾਹੀਂ ਵਫਦ ਨੂੰ ਬਿਨਾਂ ਮਿਲੇ ਹੀ ਮੋੜ ਦਿੱਤਾ ਗਿਆ ਜਿਸ ਕਾਰਨ ਡੀ.ਟੀ.ਐੱਫ਼. ਵੱਲੋਂ ਅੱਜ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਡੀ.ਟੀ.ਐੱਫ਼ ਦੇ ਆਗੂ ਗੁਰਵਿੰਦਰ ਸਿੰਘ ਖੱਟੜਾ, ਮੈਡਮ ਮਨਦੀਪ ਕੌਰ, ਰਾਜੀਵ ਪਾਤੜਾਂ ਅਤੇ ਸਤਪਾਲ ਸਮਾਣਵੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿੱਦਿਅਕ ਸਰੋਕਾਰਾਂ ਤੋਂ ਪੂਰੀ ਤਰਾਂ ਮੁਨਕਰ ਹੋ ਚੁੱਕੀ ਹੈ। ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਰਕਾਰ ਦੇ ਸਾਰੇ ਨੁਮਾਇੰਦੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਦੇ ਰਹਿੰਦੇ ਹਨ। ਪਰ ਅਸਲ ਵਿੱਚ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ। ਸਰਕਾਰ ਦੁਆਰਾ ਅਧਿਆਪਕਾਂ ਨੂੰ ਪੜਾਉਣ ਤੋਂ ਹਟਾ ਕੇ ਜਨਗਣਨਾ ਸਮੇਤ ਵੱਖ-ਵੱਖ ਡਿਊਟੀਆਂ ਵਿੱਚ ਲਗਾਇਆ ਹੋਇਆ ਹੈ। ਕੁੱਝ ਅਧਿਆਪਕ ਜੋ ਬੀ.ਐੱਲ.ਓ. ਦੀ ਡਿਊਟੀ ਕਰ ਰਹੇ ਹਨ, ਉਹਨਾਂ ਦੀ ਡਿਊਟੀ ਵੀ ਜਨਗਣਨਾ ਵਿੱਚ ਲਗਾਈ ਗਈ ਹੈ। ਉਹਨਾਂ ਮੰਗ ਕੀਤੀ ਕਿ ਡਿਊਟੀ ਜੁਆਇਨ ਕਰ ਚੁੱਕੇ ਜਿਹੜੇ ਮੁਲਾਜ਼ਮਾਂ ਨੂੰ ਗ਼ੈਰ-ਹਾਜ਼ਰ ਹੋਣ ਸਬੰਧੀ ਗਲਤ ਨੋਟਿਸ ਜਾਰੀ ਕੀਤੇ ਗਏ ਹਨ, ਉਹ ਨੋਟਿਸ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ। ਇਸ ਤੋਂ ਇਲਾਵਾ ਜਨਗਣਨਾ ਦੌਰਾਨ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਹਰ ਰੋਜ਼ ਸਵੇਰ ਦੇ ਸਮੇਂ ਤਿੰਨ ਘੰਟੇ ਸਕੂਲ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਤਿੰਦਰਪਾਲ ਸਿੰਘ ਘੱਗਾ,ਰਾਜੀਵ ਪਾਤੜਾਂ ਨੇ ਸੰਬੋਧਿਤ ਕੀਤਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਦਵਿੰਦਰ ਛਬੀਲਪੁਰ ਨੇ ਵੀ ਸੰਬੋਧਨ ਕੀਤਾ।ਉਪਰੋਕਤ ਤੋਂ ਇਲਾਵਾ ਕੁਲਵੰਤ ਸਿੰਘ, ਮੁਸਕਾਨ, ਲੈਕ.ਅਮਨ ਕੌੜਾ, ਲੈਕ.ਸਤਵੰਤ ਸਿੰਘ ਗੁਰਜੀਤ ਸਿੰਘ, ਦਵਿੰਦਰ ਪਾਤੜਾਂ, ਬਖਸ਼ੀਸ਼ ਸਿੰਘ, ਜਗਤਾਰ ਰਾਮ, ਪਰਗਟ ਸਿੰਘ, ਸੀਮਾਂ ਰਾਣੀ, ਮੈਡਮ ਸੁਖਦੀਪ, ਗੁਰਤੇਜ ਸਿੰਘ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।