ਮੰਡੌਰ ਵਿਖੇ ਚਲਾਈ ਗਈ ਡੇਂਗੂ ਵਿਰੋਧੀ ਜਨ ਜਾਗਰੂਕਤਾ ਮੁਹਿੰਮ
ਮੰਡੌਰ ਵਿਖੇ ਚਲਾਈ ਗਈ ਡੇਂਗੂ ਵਿਰੋਧੀ ਜਨ ਜਾਗਰੂਕਤਾ ਮੁਹਿੰਮ
Publish Date: Fri, 15 May 2026 06:07 PM (IST)
Updated Date: Fri, 15 May 2026 06:09 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ ਤੌਰ ’ਤੇ ਡੇਂਗੂ ਵਿਰੋਧੀ ਮਾਸ ਜਾਗਰੂਕਤਾ ਡਰਾਈ ਡੇਅ ਅਭਿਆਨ ਚਲਾਇਆ। ਸਿਹਤ ਵਿਭਾਗ ਦੀ ਟੀਮਾਂ ਵੱਲੋਂ ਪਿੰਡ ਮੰਡੌਰ, ਨਾਭਾ ਰੋਡ ਵਿਖੇ ਸਪੈਸ਼ਲ ਮੁਹਿੰਮ ਚਲਾਉਦਿਆ ਪਿੰਡ ਵਿਚ ਘਰਾਂ ਦੀ ਚੈਕਿੰਗ ਤੋਂ ਇਲਾਵਾ ਜਾਗਰੂਕਤਾ ਰੈਲੀ, ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਪਿੰਡ ਦੇ ਛੱਪੜ ਵਿਚ ਗੰਬੂਜੀਆ ਮੱਛੀ ਛੱਡਦੇ ਹੋਏ ਡੇਂਗੂ ਰੋਕਥਾਮ ਦੇ ਉਪਰਾਲੇ ਕੀਤੇ। ਜ਼ਿਲ੍ਹਾ ਸਿਹਤ ਵਿਭਾਗ ਦੀਆਂ ਸਪੈਸ਼ਲ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜ਼ਾਂ ਦੇ 219 ਨਰਸਿੰਗ ਵਿਦਿਆਰਥੀਆਂ ਤੇ ਆਸ਼ਾ ਵਰਕਰ ਦੇ ਸਹਿਯੋਗ ਨਾਲ ਡੇਂਗੂ ਲਾਰਵੇ ਦੀ ਜਾਂਚ ਲਈ ਲਾਰਵੇ ਦੇ ਹਾਟ-ਸਪਾਟ ਇਲਾਕਿਆਂ ਦੀ ਚੈਕਿੰਗ ਲਈ ਜ਼ਿਲ੍ਹੇ ਭਰ ਵਿਚ ਸਪੈਸ਼ਲ ਕੰਪੇਨ ਚਲਾਈ ਗਈ। ਅਜਿਹੇ ਅਭਿਆਨ ਵੱਖ-ਵੱਖ ਬਲਾਕਾਂ ਵਿਚ ਵੀ ਚਲਾਏ ਗਏ ਅਤੇ ਮਾਡਲ ਟਾਉਨ, ਸਿਵਲ ਲਾਈਨ ਸਕੂਲ, ਬਲਾਸਮ ਸਕੂਲ, ਦੇਹਰਾਦੂਨ ਪਬਲਿਕ ਸਕੂਲ, ਓਰੋਬਿੰਦੋ ਇੰਟਰਨੈਸ਼ਨਲ ਸਕੂਲ, ਗੁਰੂ ਨਾਨਕ ਫਾਉਂਡੇਸ਼ਨ, ਪਲੇਅਵੇ ਸਕੂਲ ਆਦ ਜ਼ਿਲ੍ਹੇ ਦੇ 87 ਸਕੂਲਾਂ ’ਚ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਘਰ-ਘਰ ਜਾ ਕੇ ਆਮ ਜਨਤਾ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਮੁੱਹਈਆ ਕਰਵਾਈ ਗਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾ.ਮੋਨਿਕਾ ਸੂਦ ਨੇ ਜਾਗਰੂਕ ਕਰਦੇ ਹੋਏ ਲੋਕਾਂ ਨੂੰ ਦੱਸਿਆ ਗਿਆ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ’ਚ ਪਏ ਕਬਾੜ ਆਦਿ ਸਮਾਨ ਵਿਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਜ਼ਿਲ੍ਹਾ ਐਪੀਡੋਮਿਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ ਨਾਲ ਨਰਸਿੰਗ ਵਿਦਿਆਰਥੀਆਂ ਵੱਲੋਂ ਜ਼ਿਲ੍ਹੇ ਭਰ ਦੇ 40776 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 137 ਥਾਵਾਂ ’ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਖੁਸ਼ਕ ਦਿਵਸ ਮੁਹਿੰਮ ਤਹਿਤ 131713 ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿਚ 378 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਐੱਮਓ ਡਾ.ਨਵਜੋਤ ਕੌਰ, ਐੱਮਓ ਡਾ.ਬਿਕਰਮਜੀਤ ਸਿੰਘ ਅਤੇ ਸਮੂਹ ਸਿਹਤ ਸਟਾਫ ਮੌਜੂਦ ਸੀ।