ਡਰਾਈ ਡੇਅ ਤਹਿਤ 98 ਥਾਵਾਂ ਤੋਂ ਲੱਭਿਆ ਡੇਂਗੂ ਦਾ ਲਾਰਵਾ
ਡਰਾਈ ਡੇਅ ਤਹਿਤ 98 ਥਾਵਾਂ ਤੋਂ ਲੱਭਿਆ ਡੇਂਗੂ ਦਾ ਲਾਰਵਾ
Publish Date: Fri, 08 May 2026 05:27 PM (IST)
Updated Date: Fri, 08 May 2026 05:29 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ ਤੌਰ ’ਤੇ ਡੇਂਗੂ ਵਿਰੋਧੀ ਮਾਸ ਜਾਗਰੂਕਤਾ ਡਰਾਈ ਡੇਅ ਅਭਿਆਨ ਚਲਾਇਆ ਗਿਆ। ਜ਼ਿਲ੍ਹਾ ਸਿਹਤ ਵਿਭਾਗ ਦੀਆਂ ਸਪੈਸ਼ਲ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜ਼ਾਂ ਦੇ 229 ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰ ਦੇ ਸਹਿਯੋਗ ਨਾਲ ਡੇਂਗੂ ਲਾਰਵੇ ਦੀ ਜਾਂਚ ਲਈ ਲਾਰਵੇ ਦੇ ਹਾਟ-ਸਪਾਟ ਇਲਾਕਿਆਂ ਦੀ ਚੈਕਿੰਗ ਲਈ ਜ਼ਿਲ੍ਹੇ ਭਰ ਵਿਚ ਸਪੈਸ਼ਲ ਕੰਪੇਨ ਚਲਾਈ ਗਈ, ਜਿਸ ਤਹਿਤ ਪਟਿਆਲਾ ਸ਼ਹਿਰ ਵਿਚ ਬਾਬੂ ਸਿੰਘ ਕਾਲੋਨੀ, ਅਬਲੋਵਾਲ, ਆਦਰਸ਼ ਨਗਰ, ਦਰਸ਼ਨਾ ਕਾਲੋਨੀ ਦੀ ਗਲੀਆਂ ਆਦਿ ਵਿਚ ਜਾ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਘਰ-ਘਰ ਜਾ ਕੇ ਆਮ ਜਨਤਾ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਘਰਾਂ ਅਤੇ ਥਾਵਾਂ ਵਿਚ ਡੇਂਗੂ ਦਾ ਲਾਰਵਾ ਮਿਲਿਆ, ਉਸ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਇਸ ਮੁਹਿੰਮ ’ਚ ਟੀਮਾਂ ਦਾ ਨਿਰੀਖਣ ਸਿਵਲ ਸਰਜਨ ਸਮੇਤ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਕੀਤਾ ਗਿਆ। ਜ਼ਿਲ੍ਹਾ ਐਪੀਡੇਮਿਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ ਨਾਲ ਨਰਸਿੰਗ ਵਿਦਿਆਰਥੀਆਂ ਵੱਲੋਂ ਜ਼ਿਲ੍ਹੇ ਭਰ ਦੇ 38199 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 98 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਖੁਸ਼ਕ ਦਿਵਸ ਮੁਹਿੰਮ ਤਹਿਤ 91237 ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 241 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕਿਸੇ ਕਿਸਮ ਦਾ ਬੁਖਾਰ ਹੋਣ ਤੇ ਜਾਂਚ ਕਰਵਾਉਣੀ ਚਾਹੀਦੀ ਹੈ, ਜੋ ਕਿ ਸਰਕਾਰੀ ਸਿਹਤ ਸੰਸ਼ਥਾਵਾਂ ਵਿਚ ਮੁਫਤ ਮੌਜੂਦ ਹੈ। ਇਸ ਮੌਕੇ ਕੇਵਲ ਬਾਵਾ, ਕਮਲੇਸ਼ ਬਾਵਾ, ਰਾਧਾ ਰਾਣੀ ਅਤੇ ਅਮਰਜੀਤ ਸਿੰਘ ਮੌਜੂਦ ਸਨ।