ਡਾ. ਬੀ.ਐੱਸ. ਸੰਧੂ ਸਕੂਲ ਜੁਲਾਹਖੇਡ਼ੀ ਸਟੇਟ ਚੈਂਪੀਅਨਸ਼ਿਪ ’ਚ ਮਾਰੀਆਂ ਮੱਲਾਂ
ਡਾ. ਬੀ.ਐੱਸ. ਸੰਧੂ ਸਕੂਲ ਜੁਲਾਹਖੇਡ਼ੀ ਦੀ ਕ੍ਰਿਕਟ ਟੀਮ ਦਾ ਸਟੇਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 30 Apr 2026 05:31 PM (IST)
Updated Date: Thu, 30 Apr 2026 05:34 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘਡ਼ਾਮ ਰੋਡ, ਜੁਲਾਹਖੇਡ਼ੀ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਹੋਰ ਮੱਲ ਮਾਰੀ ਹੈ। ‘ਯੂਥ ਐਂਡ ਸਪੋਰਟਸ ਪ੍ਰੋਮੋਸ਼ਨ ਐਸੋਸੀਏਸ਼ਨ ਆਫ ਪੰਜਾਬ’ ਵੱਲੋਂ ਆਸਰਾ ਇੰਟਰਨੈਸ਼ਨਲ ਸਕੂਲ, ਚੰਨੋ (ਭਵਾਨੀਗਡ਼੍ਹ) ਵਿਖੇ ਕਰਵਾਈ ਗਈ ਸਟੇਟ ਚੈਂਪੀਅਨਸ਼ਿਪ-2026 ਦੌਰਾਨ ਸਕੂਲ ਦੀ ਕ੍ਰਿਕਟ ਟੀਮ ਨੇ ਦੂਸਰਾ ਸਥਾਨ ਹਾਸਲ ਕਰਕੇ ਟਰਾਫੀ ’ਤੇ ਕਬਜ਼ਾ ਕੀਤਾ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਦੀਆਂ ਕਈ ਨਾਮੀ ਟੀਮਾਂ ਨੇ ਹਿੱਸਾ ਲਿਆ ਸੀ। ਡਾ. ਬੀ.ਐੱਸ. ਸੰਧੂ ਸਕੂਲ ਦੇ ਖਿਡਾਰੀਆਂ ਨੇ ਬਿਹਤਰੀਨ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਸੂਬੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਪਹੁੰਚਣ ’ਤੇ ਜੇਤੂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕ੍ਰਿਕਟ ਵਰਗੀ ਹਰਮਨ ਪਿਆਰੀ ਖੇਡ ਵਿੱਚ ਸਟੇਟ ਪੱਧਰ ’ਤੇ ਪੁਜੀਸ਼ਨ ਹਾਸਲ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਪੱਧਰ ’ਤੇ ਵੀ ਚਮਕਣਗੇ। ਸਕੂਲ ਪ੍ਰਿੰਸੀਪਲ ਤਰਨਦੀਪ ਕੌਰ ਅਰੋਡ਼ਾ ਨੇ ਵਿਦਿਆਰਥੀਆਂ ਅਤੇ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਪ-ਵਿਜੇਤਾ ਬਣਨਾ ਖਿਡਾਰੀਆਂ ਦੇ ਜਜ਼ਬੇ ਨੂੰ ਦਰਸਾਉਂਦਾ ਹੈ ਅਤੇ ਭਵਿੱਖ ਵਿੱਚ ਉਹ ਇਸ ਅਨੁਭਵ ਤੋਂ ਸਿੱਖ ਕੇ ਪਹਿਲਾ ਸਥਾਨ ਜ਼ਰੂਰ ਹਾਸਿਲ ਕਰਨਗੇ ।