ਖਿਡਾਰੀਆਂ ਨੇ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਜਿੱਤੇ ਗੋਲਡ ਮੈਡਲ
ਡਾ. ਬੀ.ਐੱਸ. ਸੰਧੂ ਸਕੂਲ ਦੇ ਖਿਡਾਰੀਆਂ ਨੇ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਜਿੱਤੇ ਗੋਲਡ ਮੈਡਲ
Publish Date: Mon, 11 May 2026 04:50 PM (IST)
Updated Date: Mon, 11 May 2026 04:51 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਡਾ.ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘਡ਼ਾਮ ਰੋਡ ਜੁਲਾਹਖੇਡ਼ੀ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਸਫ਼ਲਤਾ ਦਾ ਸਿਲਸਿਲਾ ਜਾਰੀ ਰੱਖਦਿਆਂ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਗੁਰੂ ਨਾਨਕ ਪੌਲੀਟੈਕਨਿਕ, ਮੋਹਾਲੀ ਵਿਖੇ ਕਰਵਾਈ ਗਈ 20ਵੀਂ ਓਪਨ ਤਾਈਕਵਾਂਡੋ ਸਟੇਟ ਚੈਂਪੀਅਨਸ਼ਿਪ ਵਿਚ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਆਪਣੇ ਨਾਮ ਕੀਤੇ। ਸਕੂਲ ਦੇ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਿਖਾਉਂਦੇ ਹੋਏ 5 ਗੋਲਡ ਮੈਡਲ, 4 ਸਿਲਵਰ ਮੈਡਲ ਅਤੇ 2 ਬਰੌਂਜ਼ ਮੈਡਲ ਹਾਸਿਲ ਕੀਤੇ ਹਨ। ਜਿਨ੍ਹਾਂ ਵਿੱਚੋਂ ਗੈਰੀ, ਤਨਵੀਰ ਕੌਰ, ਯਸ਼ਮੀਤ ਕੌਰ, ਰਮਨਜੋਤ ਕੌਰ ਅਤੇ ਸਹਿਜਅਨਮੋਲ ਸਿੰਘ ਨੇ ਗੋਲਡ ਮੈਡਲ, ਨਿਮਰਤ ਕੌਰ, ਜਸ਼ਨਦੀਪ ਸਿੰਘ, ਗੁਰਕੀਰਤ ਸਿੰਘ ਅਤੇ ਅਭਿਜੋਤ ਸਿੰਘ ਨੇ ਸਿਲਵਰ ਮੈਡਲ ਅਤੇ ਮਨਕੀਰਤ ਸਿੰਘ ਅਤੇ ਅਭਿਰਾਜਵੀਰ ਸਿੰਘ ਨੇ ਬਰੌਂਜ ਮੈਡਲ ਹਾਸਲ ਕੀਤਾ ਹੈ। ਇਸ ਸ਼ਾਨਦਾਰ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਕਿਹਾ ਕਿ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਰਾਜ ਪੱਧਰੀ ਮੁਕਾਬਲਿਆਂ ਵਿਚ ਮੋਹਰੀ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤਾਈਕਵਾਂਡੋ ਵਰਗੀਆਂ ਖੇਡਾਂ ਬੱਚਿਆਂ ਵਿੱਚ ਆਤਮ-ਰੱਖਿਆ ਦੀ ਭਾਵਨਾ ਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ। ਪ੍ਰਿੰਸੀਪਲ ਤਰਨਦੀਪ ਕੌਰ ਅਰੋਡ਼ਾ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਖਿਡਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿੱਚ ਬਹੁਤ ਹੀ ਤਕਨੀਕੀ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।