ਸਾਰੇ ਪੰਜਾਬ ਵਾਸੀ ਆਪਣੇ ਸਿਹਤ ਕਾਰਡ ਲਾਜ਼ਮੀ ਬਣਵਾਉਣ : ਡਾ. ਬਲਬੀਰ ਸਿੰਘ
ਸਾਰੇ ਪੰਜਾਬ ਵਾਸੀ ਆਪਣੇ ਸਿਹਤ ਕਾਰਡ ਲਾਜਮੀ ਬਣਵਾਉਣ: ਡਾ. ਬਲਬੀਰ ਸਿੰਘ
Publish Date: Sat, 04 Apr 2026 05:08 PM (IST)
Updated Date: Sat, 04 Apr 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੇ ਸਿਹਤ ਕਾਰਡ ਤੁਰੰਤ ਬਣਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੇ ਇਹ ਕਾਰਡ ਖੁਦ ਵੀ ਬਣਵਾਉਣ ’ਤੇ ਜ਼ੋਰ ਦਿੱਤਾ ਹੈ। ਸਿਹਤ ਮੰਤਰੀ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. ਦਮਨਜੀਤ ਸਿੰਘ ਮਾਨ ਅਤੇ ਵਿਕਾਸ ਕਾਰਜਾਂ ਨਾਲ ਜੁੜੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਸਿਹਤ ਕਾਰਡ ਬਣਵਾ ਕੇ ਆਮ ਲੋਕਾਂ ਲਈ ਰੋਲ ਮਾਡਲ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਤੇ ਖਾਸ ਕਰਕੇ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਸਮੇਤ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਵੀ ਜਾਣੂ ਕਰਵਾਉਣ ਤਾਂ ਕਿ ਕੋਈ ਵੀ ਲਾਭਪਾਤਰੀ ਇਸ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।ਉਨ੍ਹਾਂ ਦੱਸਿਆ ਕਿ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਤੇ ਐਸ.ਸੀ. ਤੇ ਐਸ.ਟੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਉਨ੍ਹਾਂ ਦੇ ਖਾਤੇ ’ਚ ਪਾਏ ਜਾਣਗੇ, ਜਿਸ ਦੀ ਰਜਿਸਟ੍ਰੇਸ਼ਨ ਬਹੁਤ ਜਲਦ ਸ਼ੁਰੂ ਹੋ ਰਹੀ ਹੈ। ਡਾ. ਬਲਬੀਰ ਸਿੰਘ ਨੇ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਆਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਵੱਡੀ ਨਦੀ ਨੂੰ ਡਕਾਲਾ ਤੱਕ ਸਾਫ਼ ਤੇ ਡੂੰਘਾ ਕਰਕੇ ਪਾਣੀ ਤੇਜ਼ੀ ਨਾਲ ਲੰਘਣ ਲਈ ਇਸਦੀ ਸਮਰੱਥਾ ’ਚ ਵਾਧਾ ਕੀਤਾ ਜਾਵੇ। ਸਿਹਤ ਮੰਤਰੀ ਨੇ ਬੈਠਕ ਦੌਰਾਨ ਪਿੰਡ ਕਲਿਨਿਕ, ਖੇਤਾਂ ਲਈ ਨਹਿਰੀ ਪਾਣੀ, ਮਾਡਲ ਖੇਡ ਦੇ ਮੈਦਾਨ ਅਤੇ ਲਿੰਕ ਸੜਕਾਂ ਸਮੇਤ ਹੋਰ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।