ਆਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਵਿਚ ਨਿਗਮ ਦੇ ਹੱਥ ਖਾਲੀ
ਆਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਵਿੱਚ ਨਿਗਮ ਦੇ ਹੱਥ ਖਾਲੀ
Publish Date: Wed, 20 May 2026 06:17 PM (IST)
Updated Date: Wed, 20 May 2026 06:19 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਜਿੱਥੇ ਦੇਸ਼ ਭਰ ’ਚ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ਉਥੇ ਹੀ ਸਿਹਤ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ’ਚ ਵੀ ਅਵਾਰਾ ਕੁੱਤਿਆਂ ਦੇ ਕੱਟਣ ਦਾ ਅੰਕੜਾ ਸੰਤੋਖਜਨਕ ਨਹੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਆਵਾਰਾ ਕੁੱਤਿਆਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ, ਜਿਸਦੇ ਨਤੀਜੇ ਵਜੋਂ ਡਾਗ ਬਾਈਟ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਵੱਲੋਂ ਸਿੱਖਿਆ ਸੰਸਥਾਵਾਂ ਅਤੇ ਹਸਪਤਾਲਾਂ ’ਚ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਫੜ ਕੇ ਕਿਸੇ ਸੁਰੱਖਿਅਤ ਥਾਂ ’ਤੇ ਰੱਖਿਆ ਜਾਣਾ ਸੀ। ਪਰ ਨਿਗਮ ਨੇ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਫੜਨ ਦਾ ਕੰਮ ਤੱਕ ਸ਼ੁਰੂ ਨਹੀਂ ਕੀਤਾ। ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ, ਸਿੱਖਿਆ ਸੰਸਥਾਵਾਂ ਅਤੇ ਹਸਪਤਾਲਾਂ ਵਿਚ ਆਵਾਰਾ ਕੁੱਤਿਆਂ ਦਾ ਘੁੰਮਣਾ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਸਾਲ 2025 ’ਚ ਕੁੱਲ 25288 ਵਿਅਕਤੀ ਕੁੱਤੇ ਦੇ ਕੱਟਣ ਦਾ ਸ਼ਿਕਾਰ ਹੋਏ ਸਨ ਜਦੋਂਕਿ ਪਿਛਲੇ 4 ਮਹੀਨਿਆ ਤੱਕ 9 ਹਜਾਰ ਤੋਂ ਵੱਧ ਵਿਅਕਤੀ ਕੁੱਤੇ ਦੇ ਕੱਟਣ ਦੇ ਰਿਪੋਰਟ ਹੋਏ ਹਨ। ਦੱਸਣਯੋਗ ਹੈ ਕਿ ਇਹ ਅੰਕੜੇ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਵਾਲਿਆਂ ਦੇ ਹਨ, ਜਦੋਂ ਕਿ ਕਈ ਲੋਕ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾ ਲੈਂਦੇ ਹਨ। ਜੇਕਰ ਇਨ੍ਹਾਂ ਸਾਰੇ ਮਾਮਲਿਆਂ ਨੂੰ ਜੋੜ ਲਿਆ ਜਾਵੇ ਤਾਂ ਗਿਣਤੀ ਹੋਰ ਵੀ ਵੱਧ ਜਾਵੇਗੀ। ਦੱਸ ਦੇਈਏ ਕਿ ਕੁੱਤਿਆਂ ਦੀ ਵਧਦੀ ਤਾਦਾਦ ਰੋਕਣ ਲਈ ਨਗਰ ਨਿਗਮ ਵੱਲੋਂ ਘਲੋੜੀ ਗੇਟ ਸਥਿਤ ਸਰਕਾਰੀ ਜ਼ਮੀਨ ’ਤੇ ਡਾਗ ਸ਼ੈਲਟਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਡਾਗ ਸ਼ੈਲਟਰ ਬਣਾਉਣ ਲਈ ਕਰੀਬ ਡੇਢ ਕਰੋੜ ਰੁਪਏ ਦਾ ਬਜਟ ਵੀ ਜਾਰੀ ਕੀਤਾ ਗਿਆ ਹੈ। ਨਿਗਮ ਵੱਲੋਂ ਪੇਪਰ ਵਰਕ ਵੀ ਕੀਤਾ ਗਿਆ ਹੈ ਪਰ ਸੰਬੰਧਿਤ ਫਾਈਲ ਨੂੰ ਮਨਜ਼ੂਰੀ ਲਈ ਲੋਕਲ ਬਾਡੀ ਵਿਭਾਗ ਕੋਲ ਭੇਜਿਆ ਗਿਆ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਡਾਗ ਸ਼ੈਲਟਰ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਮੌਜੂਦਾ ਸਮੇਂ ਵਿਚ ਕੁੱਤਿਆਂ ’ਤੇ ਕਾਬੂ ਪਾਉਣ ਲਈ ਨਿਗਮ ਕੋਲ ਕੋਈ ਵੱਡਾ ਪ੍ਰਬੰਧ ਨਹੀਂ ਹੈ। -ਹਰ ਮਹੀਨੇ ਸਵਾ ਚਾਰ ਸੌ ਦੇ ਕਰੀਬ ਡਾਗ ਬਾਈਟ ਦੇ ਕੇਸ ਆ ਰਹੇ ਹਨ : ਡਾ. ਅਮਨ ਦੇਵ ਰਾਜਿੰਦਰਾ ਹਸਪਤਾਲ ਦੇ ਡਾ. ਅਮਨ ਦੇਵ ਨੇ ਕਿਹਾ ਕਿ ਹਰ ਮਹੀਨੇ ਡਾਗ ਬਾਈਟ ਦੇ ਮਾਮਲਿਆਂ ਦੀ ਗਿਣਤੀ ਸਵਾ ਚਾਰ ਸੌ ਦੇ ਕਰੀਬ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਡਾਗ ਬਾਈਟ ਦੇ ਮਾਮਲੇ ਵੱਧ ਆ ਰਹੇ ਹਨ, ਕਿਉਂਕਿ ਇਕ ਤਾਂ ਗਰਮੀ ਜ਼ਿਆਦਾ ਪੈ ਰਹੀ ਹੈ ਅਤੇ ਦੂਜਾ ਇਸ ਸਮੇਂ ਦੌਰਾਨ ਕੁੱਤੀਆਂ ਵੱਲੋਂ ਬੱਚੇ ਦਿੱਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਦਿਨਾਂ ਵਿੱਚ ਡਾਗ ਬਾਈਟ ਦੇ ਮਾਮਲੇ ਵੱਧ ਜਾਂਦੇ ਹਨ। - ਜਲਦ ਸ਼ੁਰੂ ਹੋਵੇਗਾ ਕੰਮ : ਮੇਅਰ ਇਸ ਸਬੰਧੀ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆਂ ਨੇ ਆਖਿਆ ਕਿ ਡਾਗ ਸ਼ੈਲਟਰ ਬਣਾਉਣ ਲਈ ਨਿਗਮ ਵੱਲੋਂ ਕਰੀਬ ਡੇਢ ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਦੋ ਕਿੱਲਿਆਂ ਵਿਚ ਇਹ ਡਾਗ ਸ਼ੈਲਟਰ ਬਣਾਇਆ ਜਾਣਾ ਹੈ। ਡਰਾਇੰਗ ਵੀ ਤਿਆਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਡਾਗ ਸ਼ੈਲਟਰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਇਸ ਸ਼ੈਲਟਰ ਵਿੱਚ ਰੱਖਿਆ ਜਾਵੇਗਾ। -ਇਲਾਜ ਜ਼ਰੂਰ ਕਰਵਾਉਣ : ਡਾ. ਸੁਮੀਤ ਸਿੰਘ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜਾਨਵਰਾਂ ਦੇ ਕੱਟਣ ਦਾ ਸਰਕਾਰੀ ਹਸਪਤਾਲਾਂ ’ਚ ਮੁਫਤ ਇਲਾਜ ਕੀਤਾ ਜਾਂਦਾ ਹੈ, ਜਿਸ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ ਸਮੇਤ ਸਿਵਲ ਹਸਪਤਾਲਾਂ ਨੂੰ ਨੋਡਲ ਹਸਪਤਾਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਤੋਂ ਇਲਾਵਾ ਪੀਐਚਸੀ ਨਾਲ ਅਟੈਚ ਆਮ ਆਦਮੀ ਕਲੀਨਿਕਾਂ ਵਿਚ ਵੀ ਐਂਟੀਰੈਬਿਜ ਇੰਜੈਕਸ਼ਨ ਤੋਂ ਇਲਾਵਾ ਸੀਰਮ ਲਗਾਉਣ ਦਾ ਪ੍ਰਬੰਧ ਵੀ ਹੈ। ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ 100 ਤੋਂ ਵੱਧ ਥਾਵਾਂ ’ਤੇ ਕੁੱਤੇ ਦੇ ਕੱਟੇ ਦਾ ਇਲਾਜ ਕੀਤਾ ਜਾ ਰਿਹਾ ਹੈ।