ਦਿਵਿਆਂਗ ਸਹਿਜਵੀਰ ਸਿੰਘ ਨੇ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਗਮਾ
ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਅਤੇ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋ, ਤਾਂ ਦੁਨੀਆ ਦੀ ਕੋਈ ਵੀ ਮੁਸ਼ਕਲ ਤੁਹਾਡਾ ਰਸਤਾ ਨਹੀਂ ਰੋਕ ਸਕਦੀ। ਇਸੇ ਬੁਲੰਦ ਹੌਸਲੇ ਦੀ ਮਿਸਾਲ ਪੇਸ਼ ਕਰਦਿਆਂ ਅਮਲੋਹ ਦੇ ਰਹਿਣ ਵਾਲੇ ਨੌਜਵਾਨ ਸਹਿਜਵੀਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਨੇ ਪੈਰਾ ਆਰਚਰੀ ਨੈਸ਼ਨਲ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
Publish Date: Wed, 27 May 2026 05:51 PM (IST)
Updated Date: Wed, 27 May 2026 05:52 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਅਤੇ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋ, ਤਾਂ ਦੁਨੀਆ ਦੀ ਕੋਈ ਵੀ ਮੁਸ਼ਕਲ ਤੁਹਾਡਾ ਰਸਤਾ ਨਹੀਂ ਰੋਕ ਸਕਦੀ। ਇਸੇ ਬੁਲੰਦ ਹੌਸਲੇ ਦੀ ਮਿਸਾਲ ਪੇਸ਼ ਕਰਦਿਆਂ ਅਮਲੋਹ ਦੇ ਰਹਿਣ ਵਾਲੇ ਨੌਜਵਾਨ ਸਹਿਜਵੀਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਨੇ ਪੈਰਾ ਆਰਚਰੀ ਨੈਸ਼ਨਲ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਹਿਜਵੀਰ ਆਪਣੀ ਇਸ ਜਿੱਤ ਦਾ ਸਿਹਰਾ ਬੀਐਸਐਫ ’ਚ ਦੇਸ਼ ਦੀ ਸੇਵਾ ਨਿਭਾ ਰਹੇ ਆਪਣੇ ਪਿਤਾ ਗੁਰਦਰਸ਼ਨ ਸਿੰਘ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਸਹਿਜਵੀਰ ਸਿੰਘ ਨਾਲ 2 ਸਾਲ ਪਹਿਲਾਂ ਇਕ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ ’ਚ ਉਸ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ ਸਨ। ਇਸ ਹਾਦਸੇ ਤੋਂ ਪਹਿਲਾਂ ਉਹ ਹਾਕੀ ਦਾ ਸਟੇਟ ਪੱਧਰ ਦਾ ਖਿਡਾਰੀ ਸੀ। ਸਹਿਜਵੀਰ ਨੇ ਹਾਲਾਤ ਅੱਗੇ ਗੋਡੇ ਟੇਕਣ ਦੀ ਬਜਾਏ ਅਪੰਗਤਾ ਨੂੰ ਆਪਣੇ ਹੌਸਲਿਆਂ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਤੀਰਅੰਦਾਜ਼ੀ ’ਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ, ਜਿਸ ਸਦਕਾ ਅੱਜ ਉਹ ਰਾਸ਼ਟਰੀ ਪੱਧਰ ’ਤੇ ਚਮਕਿਆ ਹੈ। ਸਹਿਜਵੀਰ ਸਿੰਘ ਦੀ ਇਹ ਕਾਮਯਾਬੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ ਕਿ ਜੇਕਰ ਮਨ ’ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਹਾਰ ਚੁੱਕੀ ਜ਼ਿੰਦਗੀ ਨੂੰ ਵੀ ਦੁਬਾਰਾ ਜਿੱਤ ਦੇ ਰਾਹ ’ਤੇ ਪਾਇਆ ਜਾ ਸਕਦਾ ਹੈ, ਕਿਉਂਕਿ ਅਪੰਗਤਾ ਸਰੀਰ ’ਚ ਹੁੰਦੀ ਹੈ, ਇਰਾਦਿਆਂ ’ਚ ਨਹੀਂ। ਸਹਿਜਵੀਰ ਨੇ ਦੱਸਿਆ ਕਿ ਉਸ ਦਾ ਸੁਪਨਾ ਓਲੰਪਿਕ ਖੇਡਾਂ ’ਚ ਗੋਲਡ ਮੈਡਲ ਹਾਸਲ ਕਰਨਾ ਹੈ।