ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ

ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਨੂੰ ਲੈ ਕੇ ਸ਼ਹਿਰ ਵਿਚ ਚਰਚਾਵਾਂ ਚੱਲ ਰਹੀ ਹਨ। ਮੌਜੂਦਾ ਸਮੇਂ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਸਿਕੰਦਰ ਸਿੰਘ ਗੋਗੀ ਨਗਰ ਕੌਂਸਲ ਦੇ ਪ੍ਰਧਾਨ ਹਨ ਪਰ ਸ਼ਹਿਰ ’ਚ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਹੀ ਕਈ ਕੌਂਸਲਰ ਪ੍ਰਧਾਨ ਬਨਣ ਦੇ ਚਾਹਵਾਨ ਹਨ। ਵਰਨਣਯੋਗ ਹੈ ਕਿ ਨਗਰ ਕੌਂਸਲ ਅਮਲੋਹ ਦੀ ਚੋਣ ਦਸੰਬਰ 2024 ਵਿਚ ਹੋਈ ਸੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 7, ਕਾਂਗਰਸ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ ਭਾਰਤੀ ਜਨਤਾ ਪਾਰਟੀ ਦਾ ਇਕ ਕੌਂਸਲਰ ਚੋਣ ਜਿੱਤਿਆ ਸੀ। ਸਿਕੰਦਰ ਸਿੰਘ ਗੋਗੀ ਨੂੰ ਪ੍ਰਧਾਨ, ਸਿੰਦਰਪਾਲ ਵਿੱਕੀ ਮਿੱਤਲ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਜਗਤਾਰ ਸਿੰਘ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਸੀ। ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਮਿਆਦ ਇਕ ਸਾਲ ਦੀ ਹੁੰਦੀ ਹੈ ਜੋ 14 ਜਨਵਰੀ 26 ਨੂੰ ਖ਼ਤਮ ਹੋ ਚੁੱਕੀ ਹੈ। ਦੁਬਾਰਾ ਸੀਨੀਅਰ ਵਾਈਸ ਪ੍ਰਧਾਨ ਜਾਂ ਵਾਈਸ ਪ੍ਰਧਾਨ ਨਹੀਂ ਬਣਾਏ ਗਏ। ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਰਜਿੰਦਰ ਕੌਰ ਅਤੇ ਭਾਰਤੀ ਜਨਤਾ ਪਾਰਟੀ ਦੀ ਪੂਨਮ ਜਿੰਦਲ ਕਾਂਗਰਸ ਵਿਚ ਸ਼ਾਮਲ ਹੋ ਗਏ। ਮੌਜੂਦਾ ਸਮੇਂ ਆਪ ਦੇ 7, ਕਾਂਗਰਸ ਦੇ 5 ਅਤੇ ਸ਼੍ਰੋਮਣੀ ਅਕਾਲੀ ਦਲ ਦਾ 1 ਕੌਂਸਲਰ ਹੈ। ਪ੍ਰਧਾਨ ਸਿਕੰਦਰ ਸਿੰਘ ਗੋਗੀ ਦੇ ਵਿਦੇਸ਼ ਜਾਣ ਕਾਰਨ ਸੀਨੀਅਰ ਵਾਈਸ ਪ੍ਰਧਾਨ ਸਿੰਦਰਪਾਲ ਵਿੱਕੀ ਮਿੱਤਲ ਪ੍ਰਧਾਨ ਦੇ ਤੌਰ ’ਤੇ ਕੰਮ ਕਰਦੇ ਰਹੇ। ਸਿਕੰਦਰ ਸਿੰਘ ਗੋਗੀ ਵਿਦੇਸ਼ ਤੋਂ ਵਾਪਸ ਆ ਗਏ ਹਨ ਪਰ ਉਹ ਪ੍ਰਧਾਨਗੀ ਦੇ ਅਹੁਦੇ ਵਿਚ ਦਿਲਚਸਪੀ ਨਹੀਂ ਲੈ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਗੋਗੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਤਿੰਨ ਤੋਂ ਚਾਰ ਕੌਂਸਲਰ ਪ੍ਰਧਾਨ ਬਣਨ ਦੀ ਹੋੜ ਵਿਚ ਹਨ। ਜਿਨ੍ਹਾਂ ਵਿਚ ਸਿੰਦਰਪਾਲ ਵਿੱਕੀ ਮਿੱਤਲ, ਹਰਿੰਦਰ ਕੌਰ ਚੀਮਾ ਤੇ ਅਤੁਲ ਲੁਟਾਵਾ ਦੇ ਨਾ ਪ੍ਰਮੁੱਖ ਹਨ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪੰਜ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਕੌਂਸਲਰ ਇਕੱਠੇ ਹੋ ਕੇ ਵੀ ਜੋੜ ਤੋੜ ਦੀ ਨੀਤੀ ਆਪਣਾ ਰਹੇ ਹਨ। ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਦੋ ਕੌਂਸਲਰਾਂ ਦੀ ਲੋੜ ਹੈ। ਕਈ ਕੌਂਸਲਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਗਰ ਕੌਂਸਲ ਦੀ ਚੋਣ ਹੋਏ ਨੂੰ 15 ਮਹੀਨੇ ਹੋ ਗਏ ਹਨ ਪਰ 15 ਮਹੀਨੇ ਵਿਚ ਸਿਰਫ਼ ਇਕ ਮੀਟਿੰਗ ਹੋਈ ਹੈ। ਬਜਟ ਸਬੰਧੀ ਅਹਿਮ ਮੀਟਿੰਗ ਵੀ ਕੌਂਸਲਰਾਂ ਦੀ ਨਹੀਂ ਹੋਈ। ਕੌਂਸਲਰਾਂ ਦਾ ਕਹਿਣਾ ਹੈ ਕਿ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਮਿਆਦ ਜੋ ਜਨਵਰੀ ਵਿਚ ਖ਼ਤਮ ਹੋ ਚੁੱਕੀ ਹੈ ਦੁਬਾਰਾ ਸੀਨੀਅਰ ਵਾਈਸ ਪ੍ਰਧਾਨ ਜਾਂ ਵਾਈਸ ਪ੍ਰਧਾਨ ਵੀ ਨਹੀਂ ਬਣਾਏ ਗਏ। ਨਗਰ ਕੌਂਸਲ ਦੀ ਹਾਲਤ ਇਹ ਹੈ ਕਿ ਕਾਰਜ ਸਾਧਕ ਅਫ਼ਸਰ ਐਸਓ, ਅਤੇ ਜੇਈ ਦੇ ਅਹਿਮ ਆਉਂਦੇ ਵੀ ਖ਼ਾਲੀ ਪਏ ਹਨ। ਇਨ੍ਹਾਂ ਤਿੰਨਾਂ ਅਹੁਦਿਆਂ ਤੇ ਆਰਜੀ ਤੌਰ ’ਤੇ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਕਾਰਜ ਸਾਧਕ ਅਫ਼ਸਰ, ਐਸਓ ਜਾਂ ਜੇਈ ਦੀ ਪੱਕੇ ਤੌਰ ’ਤੇ ਨਿਯੁਕਤੀ ਨਾ ਹੋਣ ਕਾਰਨ ਲੋਕਾਂ ਨੂੰ ਕੰਮਾਂ ਕਰਨ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।