ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ
Publish Date: Sat, 30 May 2026 05:27 PM (IST)
Updated Date: Sun, 31 May 2026 04:02 AM (IST)

ਹਨੀ ਗੁਪਤਾ ਤੇ ਵਿੱਕੀ ਬਾਜਵਾ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਜੋਂ ਚਰਚਾ ’ਚ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਦਾ ਕੇਂਦਰ ਨਗਰ ਕੌਂਸਲ ਪ੍ਰਧਾਨਗੀ ਬਣ ਗਿਆ ਹੈ। ਚੋਣਾਂ ਵਿੱਚ ਦਿਲਚਸਪ ਅਤੇ ਕੜੇ ਮੁਕਾਬਲੇ ਤੋਂ ਬਾਅਦ ਹੁਣ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਵਾਨੀਗੜ੍ਹ ਨਗਰ ਕੌਂਸਲ ਦੇ 15 ਵਾਰਡਾਂ ਦੇ ਨਤੀਜਿਆਂ ਨੇ ਇੱਕ ਦਿਲਚਸਪ ਸਿਆਸੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੋਵਾਂ ਨੇ 7-7 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਇੱਕ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਬਾਜ਼ੀ ਮਾਰੀ ਹੈ। ਇਸ ਬਰਾਬਰੀ ਦੇ ਅੰਕੜਿਆਂ ਨੇ ਹੁਣ ਪ੍ਰਧਾਨਗੀ ਦੀ ਦੌੜ ਨੂੰ ਹੋਰ ਵੀ ਰੋਚਕ ਬਣਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ 15 ਉਮੀਦਵਾਰਾਂ ਵਿੱਚੋਂ ਸੱਤ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਸ ਕਾਰਨ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣ ਨਤੀਜਿਆਂ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਪਾਰਟੀ ਨਗਰ ਕੌਂਸਲ ਪ੍ਰਧਾਨਗੀ ਲਈ ਕਿਸ ਚਿਹਰੇ ‘ਤੇ ਭਰੋਸਾ ਜਤਾਏਗੀ। ਇਸੇ ਦੌਰਾਨ ਪ੍ਰਧਾਨਗੀ ਦੀ ਦੌੜ ਵਿੱਚ ਦੋ ਨਾਮ ਸਭ ਤੋਂ ਵੱਧ ਚਰਚਾ ਦਾ ਕੇਂਦਰ ਬਣੇ ਹੋਏ ਹਨ। ਸ਼ਹਿਰ ਦੀ ਸਭ ਤੋਂ ਹੌਟ ਸੀਟ ਵਜੋਂ ਜਾਣੇ ਜਾਂਦੇ ਵਾਰਡ ਨੰਬਰ 13 ਤੋਂ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਨੌਜਵਾਨ ਚਿਹਰੇ ਹਨੀ ਗੁਪਤਾ ਅਤੇ ਵਾਰਡ ਨੰਬਰ 7 ਤੋਂ ਜਿੱਤ ਪ੍ਰਾਪਤ ਕਰਨ ਵਾਲੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਉਰਫ਼ ਵਿੱਕੀ ਬਾਜਵਾ, ਦੋਵੇਂ ਆਗੂਆਂ ਨੂੰ ਆਮ ਆਦਮੀ ਪਾਰਟੀ ਦੇ ਮਜ਼ਬੂਤ ਅਤੇ ਯੋਗ ਚਿਹਰਿਆਂ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਗਲਿਆਰਿਆਂ ਵਿੱਚ ਇਹ ਗੱਲ ਵੀ ਖਾਸ ਚਰਚਾ ਵਿੱਚ ਹੈ ਕਿ ਹਨੀ ਗੁਪਤਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਕਰੀਬੀਆਂ ਵਿੱਚ ਗਿਣੇ ਜਾਂਦੇ ਹਨ। ਕਈ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਧਾਇਕ ਨਾਲ ਨਜ਼ਦੀਕੀ, ਨੌਜਵਾਨ ਸੋਚ ਅਤੇ ਪਾਰਟੀ ਅੰਦਰ ਚੰਗੀ ਪਕੜ ਹੋਣ ਕਾਰਨ ਹਨੀ ਗੁਪਤਾ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ। ਦੂਜੇ ਪਾਸੇ, ਵਾਰਡ ਨੰਬਰ 7 ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਜਤਿੰਦਰ ਸਿੰਘ ਵਿੱਕੀ ਬਾਜਵਾ ਦਾ ਨਾਮ ਵੀ ਪ੍ਰਧਾਨਗੀ ਲਈ ਪੂਰੀ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਵਿੱਕੀ ਬਾਜਵਾ ਸ਼ਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਜਨ ਆਧਾਰ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਵਾਨੀਗੜ੍ਹ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਪਾਰਟੀ ਅਜਿਹੇ ਚਿਹਰੇ ਦੀ ਭਾਲ ਕਰੇਗੀ ਜੋ ਇੱਕ ਪਾਸੇ ਲੋਕਾਂ ਵਿੱਚ ਮਜ਼ਬੂਤ ਪਕੜ ਰੱਖਦਾ ਹੋਵੇ ਅਤੇ ਦੂਜੇ ਪਾਸੇ ਪ੍ਰਸ਼ਾਸਨਿਕ ਸਮਝ ਅਤੇ ਸੰਗਠਨ ਨਾਲ ਤਾਲਮੇਲ ਬਣਾਉਣ ਦੀ ਸਮਰੱਥਾ ਵੀ ਰੱਖਦਾ ਹੋਵੇ। ਇਸ ਮਾਪਦੰਡ ਦੇ ਅਧਾਰ ‘ਤੇ ਹਨੀ ਗੁਪਤਾ ਅਤੇ ਵਿੱਕੀ ਬਾਜਵਾ ਦੋਵੇਂ ਹੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਇਹ ਵੀ ਚਰਚਾ ਹੈ ਕਿ ਨਗਰ ਕੌਂਸਲ ਪ੍ਰਧਾਨਗੀ ਦੇ ਫੈਸਲੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਾਇ ਵੀ ਅਹਿਮ ਭੂਮਿਕਾ ਨਿਭਾਏਗੀ, ਕਿਉਂਕਿ ਭਵਾਨੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਅਤੇ ਚੋਣ ਰਣਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਪਾਰਟੀ ਹਾਈਕਮਾਨ ਵੱਲੋਂ ਵੀ ਅਜਿਹੇ ਚਿਹਰੇ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕੇ। ਫਿਲਹਾਲ ਵਾਰਡ ਨੰਬਰ 13 ਤੋਂ ਜੇਤੂ ਨੌਜਵਾਨ ਚਿਹਰਾ ਹਨੀ ਗੁਪਤਾ ਅਤੇ ਵਾਰਡ ਨੰਬਰ 7 ਤੋਂ ਜੇਤੂ ਵਿੱਕੀ ਬਾਜਵਾ ਦੇ ਨਾਮ ਸਭ ਤੋਂ ਵੱਧ ਚਰਚਾ ਵਿੱਚ ਹਨ ਅਤੇ ਹੁਣ ਸਭ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ਦੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ।