ਵਿਕਾਸ ਤੋਂ ਵਾਂਝੀ ਧੂਰੀ; ਭਾਜਪਾ ਯਕੀਨੀ ਬਣਾਏਗੀ ਵਿਕਾਸ: ਰਵਨੀਤ ਬਿੱਟੂ
ਵਿਕਾਸ ਤੋਂ ਵਾਂਝੀ ਧੂਰੀ; ਭਾਜਪਾ ਯਕੀਨੀ ਬਣਾਏਗੀ ਵਿਕਾਸ: ਰਵਨੀਤ ਬਿੱਟੂ
Publish Date: Tue, 19 May 2026 05:28 PM (IST)
Updated Date: Wed, 20 May 2026 04:04 AM (IST)

ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਨਾਲ ਕੇਂਦਰੀ ਮੰਤਰੀ ਨੇ ਕੀਤੀ ਮੀਟਿੰਗ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਧੂਰੀ ਵਿਧਾਨ ਸਭਾ ਹਲਕੇ ਦੇ ਬੇਨੜਾ ਪਿੰਡ ਦੇ ਦੌਰੇ ਦੌਰਾਨ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਇਸ ’ਤੇ ਪ੍ਰਸ਼ਾਸਨਿਕ ਨਾਕਾਮੀ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੇ ਦੋਸ਼ ਲਾਏ। ਦੌਰੇ ਦੌਰਾਨ ਬੇਨੜਾ ਪਿੰਡ ਦੇ ਵਸਨੀਕਾਂ ਨੇ ਰਵਨੀਤ ਬਿੱਟੂ ਨੂੰ ਰਸਤੇ ਵਿੱਚ ਰੋਕ ਕੇ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਘਾਟ ਬਾਰੇ ਗੰਭੀਰ ਚਿੰਤਾ ਜਤਾਈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਸਿੱਖਿਆ ਅਤੇ ਸਿਹਤ ਵਰਗੇ ਬਹੁਤ ਮਹੱਤਵਪੂਰਨ ਖੇਤਰਾਂ ਵਿੱਚ ਕੋਈ ਵੀ ਉਲੇਖਣਯੋਗ ਕੰਮ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਬਿੱਟੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਤ ਅਧਿਕਾਰੀਆਂ ਨੂੰ ਕੜੀ ਚੇਤਾਵਨੀ ਦਿੰਦਿਆਂ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ, “ਜੇ ਪੰਦਰਾਂ ਦਿਨਾਂ ਦੇ ਅੰਦਰ ਲੰਬਿਤ ਕੰਮ ਸ਼ੁਰੂ ਨਾ ਕੀਤੇ ਗਏ ਤਾਂ ਭਾਰਤੀ ਜਨਤਾ ਪਾਰਟੀ ਖੁਦ ਅੱਗੇ ਆ ਕੇ ਇਹ ਵਿਕਾਸ ਕਾਰਜ ਸ਼ੁਰੂ ਕਰੇਗੀ।” ਉਨ੍ਹਾਂ ਕਿਹਾ, “ਆਮ ਤੌਰ ’ਤੇ ਮੁੱਖ ਮੰਤਰੀ ਦਾ ਹਲਕਾ ਪੂਰੇ ਰਾਜ ਲਈ ਮਿਸਾਲ ਹੁੰਦਾ ਹੈ। ਨਗਰ ਕੌਂਸਲ ਚੋਣਾਂ ਵਿੱਚ ਅਜਿਹੇ ਹਲਕਿਆਂ ਵਿੱਚ ਅਕਸਰ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾਂਦੇ ਹਨ, ਕਿਉਂਕਿ ਲੋਕਾਂ ਦਾ ਆਪਣੀ ਅਗਵਾਈ ’ਤੇ ਭਰੋਸਾ ਹੁੰਦਾ ਹੈ। ਪਰ ਧੂਰੀ ਵਿੱਚ ਹਰ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਹਨ, ਜੋ ਮੌਜੂਦਾ ਸਰਕਾਰ ਪ੍ਰਤੀ ਵਿਆਪਕ ਨਾਰਾਜ਼ਗੀ ਨੂੰ ਦਰਸਾਉਂਦਾ ਹੈ।ਉਨ੍ਹਾਂ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੀ ਕੜੀ ਨਿੰਦਾ ਕੀਤੀ ਅਤੇ ਇਸਨੂੰ ਲੋਕਤੰਤਰ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਧੂਰੀ ਵਿੱਚ ਬਦਲਾਅ ਦਾ ਸੱਦਾ ਦਿੰਦਿਆਂ ਕੇਂਦਰੀ ਮੰਤਰੀ ਨੇ ਲੋਕਾਂ ਨੂੰ ਭਾਜਪਾ ਸਮਰਥਿਤ ਨਗਰ ਕੌਂਸਲ ਬਣਾਉਣ ਦੀ ਅਪੀਲ ਕੀਤੀ। ਸੂਬੇ ਵਿੱਚ ਲਗਭਗ 26,000 ਕਰੋੜ ਦੀਆਂ ਰੇਲਵੇ ਪਰਿਯੋਜਨਾਵਾਂ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਜਲਦ ਹੀ “ਡਬਲ ਇੰਜਣ ਸਰਕਾਰ” ਦੇ ਲਾਭਾਂ ਦਾ ਅਨੁਭਵ ਕਰੇਗਾ।