ਮਹਿੰਗਾਈ ਨੇ ਆਮ ਲੋਕਾਂ ਦੀ ਜੇਬ’ ਤੇ ਮਾਰਿਆ ਡਾਕਾ : ਸੀਲ
ਮਹਿੰਗਾਈ ਨੇ ਆਮ ਲੋਕਾਂ ਦੀ ਜੇਬ ਤੇ ਮਾਰਿਆ ਡਾਕਾ : ਧਰਮਪਾਲ ਸਿੰਘ ਸੀਲ
Publish Date: Sun, 17 May 2026 04:36 PM (IST)
Updated Date: Sun, 17 May 2026 04:39 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਦੇਸ਼ ਭਰ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਸਲੇ ਦੀ ਸੀਪੀਆਈ(ਐਮ) ਦੇ ਸੀਨੀਅਰ ਆਗੂ ਕਾਮਰੇਡ ਧਰਮਪਾਲ ਸਿੰਘ ਸੀਲ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਨਾਲ ਸਰਕਾਰ ਸਿੱਧੇ ਤੌਰ ’ਤੇ ਆਮ ਜਨਤਾ ਦੀ ਜੇਬ ’ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਸਿਰਫ ਵਾਹਨਾਂ ਲਈ ਹੀ ਨਹੀਂ, ਸਗੋਂ ਹਰ ਰੋਜ਼ ਵਰਤੀ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਾਲ ਵੀ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਜਦੋਂ ਇੰਧਨ ਮਹਿੰਗਾ ਹੁੰਦਾ ਹੈ ਤਾਂ ਟਰਾਂਸਪੋਰਟ ਦਾ ਖ਼ਰਚ ਵੱਧਦਾ ਹੈ ਅਤੇ ਉਸ ਦਾ ਅਸਰ ਹਰ ਵਸਤੂ ’ਤੇ ਪੈਂਦਾ ਹੈ। ਰਾਸ਼ਨ, ਸਬਜ਼ੀਆਂ, ਦਵਾਈਆਂ, ਖਾਦ ਪਦਾਰਥਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਆਮ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਡਗਮਗਾ ਜਾਂਦਾ ਹੈ।ਕਾਮਰੇਡ ਸੀਲ ਨੇ ਕਿਹਾ ਕਿ ਇਸ ਮਹਿੰਗਾਈ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਝੱਲਣਾ ਪੈ ਰਿਹਾ ਹੈ। ਕਿਸਾਨ ਪਹਿਲਾਂ ਹੀ ਖਾਦਾਂ, ਬੀਜਾਂ ਅਤੇ ਖੇਤੀਬਾੜੀ ਦੇ ਹੋਰ ਸਾਮਾਨ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਡੀਜ਼ਲ ਮਹਿੰਗਾ ਹੋਣ ਨਾਲ ਟਰੈਕਟਰਾਂ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਦਾ ਖ਼ਰਚ ਵੱਧ ਗਿਆ ਹੈ, ਜਿਸ ਨਾਲ ਖੇਤੀ ਕਰਨਾ ਹੋਰ ਵੀ ਮੁਸ਼ਕਿਲ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਕੀਮਤਾਂ ’ਤੇ ਕਾਬੂ ਨਾ ਪਾਇਆ ਤਾਂ ਮਹਿੰਗਾਈ ਹੋਰ ਵਧੇਗੀ ਅਤੇ ਲੋਕਾਂ ਵਿਚ ਗੁੱਸਾ ਵੀ ਵਧਦਾ ਜਾਵੇਗਾ।