ਸਨਮਾਨ ਸਹੂਲਤਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ : ਧਾਲੀਵਾਲ
ਸਨਮਾਨ ਸਹੂਲਤਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ: ਧਾਲੀਵਾਲ
Publish Date: Sat, 21 Feb 2026 07:38 PM (IST)
Updated Date: Sat, 21 Feb 2026 07:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਦੇਸ਼ ਭਗਤਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਨਮਾਨ ਸਹੂਲਤਾਂ ਨੂੰ ਲਾਗੂ ਕਰਨ ਸਬੰਧੀ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਜਥੇਬੰਦੀ ਦੇ ਪੰਜ ਮੈਂਬਰੀ ਵਫ਼ਦ ਵੱਲੋਂ ਪੈਨਲ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਮੁੱਖ ਮੰਤਰੀ ਦੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਅਤੇ ਫਰੀਡਮ ਫਾਈਟਰ ਵਿਭਾਗ ਦੇ ਸਕੱਤਰ ਰਾਜਪਾਲ ਨੇ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਸਨਮਾਨ ਸਹੂਲਤਾਂ ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਇਸ ਮੌਕੇ ਸੂਬਾ ਜਨਰਲ ਸਕੱਤਰ ਧਾਲੀਵਾਲ ਨੇ ਪੰਜਾਬ ਸਰਕਾਰ ਨੂੰ ਯਾਦ ਦਿਵਾਇਆ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਕ ਮਹੀਨੇ ਦੇ ਅੰਦਰ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਸਨਮਾਨ ਸਹੂਲਤਾਂ ਨੂੰ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਨੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਰਹਿੰਦੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਸਨਮਾਨ ਸਹੂਲਤਾਂ ਜਿੰਨਾ ਵਿੱਚ ਚੌਥੀ ਪੀੜ੍ਹੀ ਨੂੰ ਕਾਨੂੰਨੀ ਵਾਰਿਸਾਂ ਵਿੱਚ ਸ਼ਾਮਲ ਕਰਨਾ, ਪ੍ਰਮੋਸ਼ਨ ਚੈਨਲ ਬਣਾਉਣ, ਪੈਨਸ਼ਨ ਸਕੀਮ, ਯੋਗਤਾ ਅਨੁਸਾਰ ਨੌਕਰੀਆਂ ਪ੍ਰਦਾਨ ਕਰਨ, ਸੁਤੰਤਰਤਾ ਸੰਗਰਾਮੀ ਭਲਾਈ ਬੋਰਡ ਸਥਾਪਤ ਕਰਨ, ਸਰਕਾਰੀ ਦਫ਼ਤਰਾਂ ਵਿੱਚ ਮਾਣ ਸਨਮਾਨ ਲਾਗੂ ਕਰਵਾਉਣ ਆਦਿ ਮੰਗਾਂ ਸਰਕਾਰ ਨੂੰ ਭੇਜੀਆਂ ਜਾਣ। ਸੂਬਾ ਜਥੇਬੰਦੀ ਨੇ ਜਲਦੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਅੱਜ ਦੀ ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਰਪ੍ਰੀਤ ਬੌਬੀ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਵਤੇਜ ਸਿੰਘ ਭੱਠਲ, ਰਾਜ ਕੁਮਾਰ ਡਕਾਲਾ, ਗੁਰਇਕਬਾਲ ਸਿੰਘ ਸੰਧੂ, ਸਤਪਾਲ ਕੌਰ ਸੋਹੀ ਜ਼ੀਰਕਪੁਰ, ਕਮਲਦੀਪ ਸਿੰਘ ਗਿੱਲ ਦਫ਼ਤਰ ਇੰਚਾਰਜ, ਐਡਵੋਕੇਟ ਵਰਿੰਦਰ ਦੀਵਾਨ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਆਗੂ ਸ਼ਾਮਲ ਸਨ।