ਪ੍ਰੋਜੈਕਟ 8 ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰੇਗਾ : ਵਿਕਾਸ
19 ਕਰੋਡ਼ ਦਾ ਲਾਗਤ ਨਾਲ ਬਣਨ ਵਾਲੇ ਸੀਵਰੇਜ਼ ਪ੍ਰੋਜੈਕਟ ਦਾ ਕੰਮ ਮੁਕੰਮਲ ਹੋਣ ਕਿਨਾਰੇ
Publish Date: Fri, 15 May 2026 05:23 PM (IST)
Updated Date: Fri, 15 May 2026 05:24 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਕਸਬਾ ਦੇਵੀਗਡ਼੍ਹ ਅਤੇ ਇਸ ਦੇ ਆਸ ਪਾਸ ਦੇ ਕਈ ਪਿੰਡਾਂ ਲਈ ਤਿਆਰ ਹੋ ਰਹੇ ਸੀਵਰੇਜ ਪ੍ਰੋਜੈਕਟ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਜੂਨ ਮਹੀਨੇ ਵਿਚ ਮੁਕੰਮਲ ਹੋਣ ਦੀ ਉਮੀਦ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜੁਨੀਅਰ ਇੰਜੀਨੀਅਰ ਸੀਵਰੇਜ ਬੋਰਡ ਵਿਕਾਸ ਕੁਮਾਰ ਨੇ ਦੱਸਿਆ ਕਿ ਕਸਬਾ ਦੇਵੀਗਡ਼੍ਹ ਵਿਖੇ ਨਗਰ ਪੰਚਾਇਤ ਦੇਵੀਗਡ਼੍ਹ ਦੀ ਦੇਖਰੇਖ ਹੇਠ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ 19 ਕਰੋਡ਼ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਪ੍ਰੋਜੈਕਟ ਤਿਆਰ ਹੋ ਰਿਹਾ ਹੈ। ਇਹ ਪ੍ਰੋਜੈਕਟ 8 ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰੇਗਾ, ਜਿਸ ਉਪਰ ਇਸ ਵੇਲੇ ਬਡ਼ੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇੰਜੀਨੀਅਰ ਨੇ ਦੱਸਿਆ ਕਿ ਪਿੰਡ ਕਪੂਰੀ, ਛੰਨਾ, ਰਾਮ ਨਗਰ ਚੂੰਨੀਵਾਲਾ, ਭੰਬੂਆਂ, ਜੁਲਕਾਂ, ਰੁਡ਼ਕੀ ਬੁੱਧ ਸਿੰਘ ਵਾਲੀ ਅਤੇ ਕਸਬਾ ਦੇਵੀਗਡ਼੍ਹ ਵਿਖੇ ਇਸ ਪ੍ਰੋਜੈਕਟ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਜੁਲਕਾਂ ਤੋਂ ਲੈ ਕੇ ਭੰਬੂਆਂ ਅਤੇ ਕਪੂਰੀ ਤੋਂ ਲੈ ਕੇ ਦੇਵੀਗਡ਼੍ਹ ਤੱਕ ਸੀਵਰੇਜ ਪੈ ਕੇ ਪੱਕੀਆਂ ਸਡ਼ਕਾਂ ਵੀ ਬਣ ਚੁੱਕੀਆਂ ਹਨ ਅਤੇ ਕੁਝ ਬਣ ਰਹੀਆਂ ਹਨ, ਹੁਣ ਪਿੰਡ ਭੰਬੂਆਂ ਤੋਂ ਲੈ ਕੇ ਕਸਬਾ ਦੇਵੀਗਡ਼੍ਹ ਅਤੇ ਕਸਬਾ ਦੇਵੀਗਡ਼੍ਹ ਦੇ ਬੱਸ ਅੱਡੇ ਵਾਲੀ ਸਡ਼ਕ ਵਿੱਚ ਵੀ ਸੀਵਰੇਜ ਵਾਲੇ ਪਾਈਪ ਪਾਏ ਜਾ ਰਹੇ ਹਨ। ਜਿਸ ਲਈ ਨਾਲਿਆਂ ਦੀ ਪੁੱਟ ਪੁਟਾਈ ਕੀਤੀ ਜਾ ਰਹੀ ਹੈ ਅਤੇ ਇਸ ਕੰਮ ਨੂੰ ਸਿਰੇ ਚਾਡ਼ਨ ਲਈ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਟ੍ਰੀਟਮੈਂਟ ਪਲਾਂਟ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਪੁੱਟੀਆਂ ਸਡ਼ਕਾਂ ਦਾ ਕੰਮ ਕੁੱਝ ਲੋਕ ਨਿਰਮਾਣ ਵਿਭਾਗ ਰਾਹੀਂ ਕਰਵਾਇਆ ਜਾ ਰਿਹਾ ਹੈ ਅਦੇ ਕੁੱਝ ਲਿੰਕ ਸਡ਼ਕਾਂ ਦਾ ਕੰਮ ਮੰਡੀ ਬੋਰਡ ਰਾਹੀਂ ਮੁਕੰਮਲ ਕਰਵਾਇਆ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਸਬਾ ਦੇਵੀਗਡ਼੍ਹ ਅਤੇ ਹੋਰ ਆਸ ਪਾਸ ਦੇ ਪਿੰਡਾਂ ਦੋ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਭਾਰੀ ਨਿਜਾਤ ਮਿਲੇਗੀ।