ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੁੰਜ ਉੱਠਿਆ ਸਮੁੱਚਾ ਦੇਵੀਗਡ਼੍ਹ
ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੁੰਜ ਉੱਠਿਆ ਸਮੁੱਚਾ ਦੇਵੀਗਡ਼੍ਹ
Publish Date: Fri, 08 May 2026 05:14 PM (IST)
Updated Date: Fri, 08 May 2026 05:17 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸ਼੍ਰੀ ਸਿੱਧ ਪ੍ਰਾਚੀਨ ਹਨੂਮਾਨ ਮੰਦਿਰ ਨੇਡ਼ੇ ਘੱਗਰ ਪੁੱਲ ਦੇਵੀਗਡ਼੍ਹ ਵਿਖੇ ਮਹੰਤ ਸ੍ਰੀ ਰਾਮ ਦੱਤ ਗਿਰੀ ਜੀ ਮਾਰਕੰਡਾ ਵਾਲਿਆਂ ਦੀ ਰਹਿਨੁਮਾਈ ਹੇਠ ਅਤੇ ਔਲੀਆ ਨਗਰੀ ਦੇਵੀਗਡ਼੍ਹ, ਸਮੂਹ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੂਰਤੀ ਸਥਾਪਨਾ ਦਿਵਸ ਅਤੇ ਸ੍ਰੀਮਦ ਭਾਗਵਤ ਮਹਾਂਪੁਰਾਣ ਯੱਗ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਇਸ ਨਵੇਂ ਬਣੇ ਹਨੂਮਾਨ ਮੰਦਿਰ ਵਿਖੇ ਸ਼੍ਰੀ ਹਨੂਮਾਨ ਜੀ, ਰਾਮ ਦਰਬਾਰ, ਸ਼ਿਵ ਪਰਿਵਾਰ ਅਤੇ ਸ੍ਰੀ ਖਾਟੁ ਸ਼ਿਆਮ ਜੀ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣਗੀਆਂ। ਇਸ ਦੌਰਾਨ ਇਸ ਮੰਦਿਰ ਵਿਖੇ ਭਾਗਵਤ ਕਥਾ, ਕਲਸ਼ ਯਾਤਰਾ, ਸ੍ਰੀਮੱਦ ਭਾਗਵਤ ਕਥਾ ਕਰਵਾਈ ਗਈ। ਇਸ ਤੋਂ ਇਲਾਵਾ ਅੱਜ ਹਨੂਮਾਨ ਮੰਦਿਰ ਤੋਂ ਲੈ ਕੇ ਕਸਬਾ ਦੇਵੀਗਡ਼੍ਹ, ਛੰਨਾ ਮੋਡ਼, ਪੁਰਾਣਾ ਬਾਜਾਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਦਰਜਨ ਦੇ ਕਰੀਬ ਰੱਥਾਂ ਵਿੱਚ ਆਸ ਪਾਸ ਦੇ ਮੰਦਿਰਾਂ ਦੇ ਮਹੰਤ ਅਤੇ ਪੁਜਾਰੀ ਸਵਾਰ ਸਨ, ਇਸ ਤੋਂ ਇਲਾਵਾ ਦਰਜਨਾਂ ਟ੍ਰੈਕਟਰ ਟਰਾਲੀਆਂ ਵਿੱਚ ਸ਼ਰਧਾਲੂ ਸਵਾਰ ਸਨ। ਇਸ ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਦੇ ਜੈਕਾਰੇ ਲਾਏ ਗਏ ਜਿਸ ਨਾਲ ਸਮੁੱਚਾ ਦੇਵੀਗਡ਼੍ਹ ਸ਼ਹਿਰ ਗੂੰਜ ਉੱਠਿਆ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਜੋਧ ਸਿੰਘ ਹਡਾਣਾ, ਹਰਿੰਦਰਪਾਲ ਸਿੰਘ ਹੈਰੀਮਾਨ, ਜਸਪਾਲ ਸਿੰਘ ਗਗਰੌਲੀ ਜਿਲਾ ਪ੍ਰਧਾਨ ਉੱਤਰੀ ਦਿਹਾਤੀ ਭਾਰਤੀ ਜਨਤਾ ਪਾਰਟੀ, ਜੋਗਿੰਦਰ ਸਿੰਘ ਕਾਕਡ਼ਾ, ਮਨਸਿਮਰਤ ਸਿੰਘ ਸ਼ੈਰੀ ਰਿਆਡ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਸ਼ੋਭਾ ਯਾਤਰਾ ਦੌਰਾਨ ਹਾਜ਼ਰੀ ਲਵਾਈ ਅਤੇ ਸ਼੍ਰੀ ਹਨੂਮਾਨ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮਹੰਤ ਸ਼੍ਰੀ ਰਾਮ ਦੱਤ ਗਿਰੀ ਜੀ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਦਾ ਆਰੰਭ 2 ਮਈ ਨੂੰ ਕੀਤਾ ਗਿਆ ਅਤੇ 8 ਅਪ੍ਰੈਲ ਨੂੰ ਸਵੇਰੇ ਮੂਰਤੀ ਸਥਾਪਨਾ ਕੀਤੀ ਜਾਵੇਗੀ, 9 ਵਜੇ ਹਵਨ ਕਰਵਾਇਆ ਜਾਵੇਗਾ, 10 ਵਜੇ ਕਥਾ, ਪ੍ਰਵਚਨ ਅਤੇ ਕੀਰਤਨ ਕਰਵਾਇਆ ਜਾਵੇਗਾ। 11.15 ਵਜੇ ਸ੍ਰੀਮਦ ਭਾਗਵਤ ਕਥਾ ਮਹਾਂਪੁਰਾਣ ਜੀ ਦਾ ਭੋਗ ਪਵੇਗਾ। ਇਸ ਮੌਕੇ ਅਤੁੱਟ ਲੰਗਰ ਲਗਾਇਆ ਜਾਵੇਗਾ।