ਸਡ਼ਕ ’ਚ ਰੁਕਾਵਟ ਪੈਣ ਕਾਰਨ ਰਾਹਗੀਰ ਹੋ ਰਹੇ ਹਨ ਪ੍ਰੇਸ਼ਾਨ
ਦੇਵੀਗਡ਼੍ਹ ਤੋਂ ਹਰਿਆਣਾ ਬਾਰਡਰ ਤੱਕ ਬਣ ਰਹੀ ਸਡ਼ਕ ‘ਚ ਰੁਕਾਵਟ ਪੈਣ ਕਾਰਨ ਰਾਹਗੀਰ ਹੋ ਰਹੇ ਹਨ ਪ੍ਰੇਸ਼ਾਨ
Publish Date: Mon, 11 May 2026 04:56 PM (IST)
Updated Date: Mon, 11 May 2026 04:57 PM (IST)

ਫੋਟੋ 11ਪੀਟੀਐਲ: 13 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਵੀਗਡ਼੍ਹ ਇਲਾਕੇ ਵਿਚ ਸਭ ਤੋਂ ਅਹਿਮ ਸਡ਼ਕ ਜੋ ਕਿ ਦੇਵੀਗਡ਼੍ਹ ਦੇ ਛੰਨਾਂ ਮੋਡ਼ ਤੋਂ ਲੈ ਕੇ ਹਰਿਆਣਾ ਬਾਰਡਰ ਤੱਕ ਨਵੀਂ ਬਣਨੀ ਸੀ, ਪਰ ਇਹ ਸਡ਼ਕ ਕੁਝ ਕਿਲੋਮੀਟਰ ਤੱਕ ਨਵੀਂ ਬਣਕੇ ਬਾਕੀ ਵਿਚੇ ਹੀ ਖਡ਼੍ਹ ਗਈ ਸੀ। ਇਹ ਸਡ਼ਕ ਕੁੱਲ 8.12 ਕਿਲੋਮੀਟਰ ਲੰਬੀ ਅਤੇ 7 ਮੀਟਰ ਚੌਡ਼ੀ ਹੈ, ਜਿਸ ਵਿਚੋਂ 4 ਕਿਲੋਮੀਟਰ ਸਡ਼ਕ ਤਿਆਰ ਹੋ ਗਈ ਹੈ ਪਰ ਬਾਕੀ 4 ਕਿਲੋਮੀਟਰ ਦੇ ਲਗਭਗ ਸਡ਼ਕ ਅਜੇ ਅਧੂਰੀ ਪਈ ਹੈ। ਇਹ ਸਡ਼ਕ ਜੋ ਕਿ ਪਿੰਡ ਮਸੀਂਗਣ ਤੋਂ ਹਰਿਆਣਾ ਬਾਰਡਰ ਤੱਕ ਅਜੇ ਬਣਨ ਵਾਲੀ ਹੈ, ਵਿਚ ਬਹੁਤ ਵੱਡੇ ਵੱਡੇ ਟੋਏ ਪੈ ਗਏ ਹਨ, ਜਿਥੋਂ ਕਿ ਵਹੀਕਲਾਂ ਦਾ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਇਨ੍ਹਾਂ ਟੋਇਆਂ ’ਚੋਂ ਲੰਘਦੀਆਂ ਕਈ ਟਰਾਲੀਆਂ ਦੀਆਂ ਹੁੱਕਾਂ ਟੁੱਟ ਜਾਂਦੀਆਂ ਹਨ, ਜੋ ਕਿ ਸਡ਼ਕ ਵਿਚਕਾਰ ਹੀ ਖਡ਼੍ਹੀਆਂ ਰਹਿੰਦੀਆਂ ਹਨ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੇ ਕਿ ਇਹ ਸਡ਼ਕ ਜੋ ਕਿ ਹਰਿਆਣਾ ਦੇ ਸ਼ਹਿਰ ਅੰਬਾਲਾ ਨੂੰ ਮਿਲਾਉਂਦੀ ਹੈ ਅਤੇ ਨਾਲ ਹੀ ਇਸ ਸਡ਼ਕ ਉਪਰ ਮਿਲਟਰੀ ਦੇ ਟਰੱਕਾਂ ਦੀ ਆਵਾਜਾਈ ਵੀ ਬਹੁਤ ਰਹਿੰਦੀ ਹੈ, ਫਿਰ ਇਸ ਸਡ਼ਕ ਦੇ ਨਵੇਂ ਬਣਨ ਦਾ ਕੰਮ ਵਿਚਕਾਰੇ ਹੀ ਕਿਓਂ ਬੰਦ ਹੋ ਗਿਆ ਹੈ। ਇਸ ਸਬੰਧੀ ਜਦੋਂ ਇਸ ਸਡ਼ਕ ਨਾਲ ਸਬੰਧਤ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਇੱਕ ਬਹੁਤ ਅਹਿਮ ਸਡ਼ਕ ਹੈ ਪਰ ਕੁਝ ਕਿਲੋਮੀਟਰ ਸਡ਼ਕ ਬਣਨ ਉਪਰੰਤ ਕਿਸੇ ਕਾਰਨ ਇਸ ਸਡ਼ਕ ਦੇ ਨਵੇਂ ਬਣਨ ਦਾ ਕੰਮ ਰੁੱਕ ਗਿਆ ਸੀ, ਪਰ ਹੁਣ ਜਲਦੀ ਹੀ ਇਸ ਸਡ਼ਕ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।