ਏਆਈਯੂ ਗੱਤਕਾ ਚੈਂਪੀਅਨਸ਼ਿਪ ’ਚ ਜਿੱਤੇ 11 ਕਾਂਸੀ ਦੇ ਤਮਗੇ
ਏਆਈਯੂ ਗੱਤਕਾ ਚੈਂਪੀਅਨਸ਼ਿਪ ’ਚ ਦੇਸ਼ ਭਗਤ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ 11 ਕਾਂਸੀ ਦੇ ਤਗਮੇ
Publish Date: Thu, 14 May 2026 05:09 PM (IST)
Updated Date: Fri, 15 May 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਟਾ ਯੂਨੀਵਰਸਿਟੀ ਰਾਜਸਥਾਨ ’ਚ ਕਰਵਾਈ ਗਈ ਏਆਈਯੂ ਗੱਤਕਾ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਯੂਨੀਵਰਸਿਟੀ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਸ਼ਾਨਦਾਰ ਸਮਰਪਣ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ’ਚ ਕੁੱਲ 11 ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ਹਨ। ਮਹਿਲਾ ਗੱਤਕਾ ਟੀਮ ਨੇ ਸਿੰਗਲ ਸੋਟੀ ਸ਼੍ਰੇਣੀ ’ਚ ਬਿਹਤਰੀਨ ਖੇਡ ਦਿਖਾਉਂਦਿਆਂ ਯੂਨੀਵਰਸਿਟੀ ਲਈ ਕਾਂਸੀ ਦਾ ਤਗਮਾ ਜਿੱਤਿਆ। ਟੀਮ ਮੈਂਬਰਾਂ ’ਚ ਸੋਨਮ ਬਿਸ਼ਨੋਈ (ਬੀਪੀਈਐੱਸ), ਅਮਨਪ੍ਰੀਤ ਕੌਰ (ਐੱਮਸੀਏਆਈ) ਅਤੇ ਕਲਪਨਾ (ਪੀਜੀ ਯੋਗਾ) ਸ਼ਾਮਲ ਸਨ, ਜਿਨ੍ਹਾਂ ਨੇ ਪੂਰੀ ਚੈਂਪੀਅਨਸ਼ਿਪ ਦੌਰਾਨ ਅਸਾਧਾਰਨ ਹੁਨਰ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਪੁਰਸ਼ਾਂ ਦੇ ਗੱਤਕਾ ਫੁੱਲ ਸਟਰਾਈਕ (ਫ੍ਰੀ ਸੋਟੀ) ਵਰਗ ’ਚ ਅਰਮਾਨ, ਰਣਜੀਤ ਬਾਠ, ਕਿਸ਼ਨਾ ਰਾਮ ਅਤੇ ਮਹੀਪਾਲ ਰੋਜ਼ (ਸਾਰੇ ਪੀਜੀ ਯੋਗਾ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਯੂਨੀਵਰਸਿਟੀ ਦੀਆਂ ਇਨ੍ਹਾਂ ਪ੍ਰਾਪਤੀਆਂ ’ਚ ਹੋਰ ਵਾਧਾ ਕਰਦੇ ਹੋਏ ਪੁਰਸ਼ ਸਿੰਗਲ ਸੋਟੀ ਫੁੱਲ ਸਟਰਾਈਕ ਟੀਮ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ। ਇਸ ਸ਼੍ਰੇਣੀ ’ਚ ਤਗਮਾ ਜੇਤੂ ਪਰਵੀਨ ਕੁਮਾਰ, ਰਵਿੰਦਰ (ਦੋਵੇਂ ਪੀਜੀ ਯੋਗਾ), ਸੁਨੀਲ ਕੁਮਾਰ ਅਤੇ ਵਿਕਾਸ (ਦੋਵੇਂ ਬੀਪੀਈਐਸ) ਸਨ। ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦਾ ਪ੍ਰਮਾਣ ਹਨ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਫੈਕਲਟੀ ਮੈਂਬਰਾਂ ਦੇ ਨਾਲ ਸਾਰੇ ਜੇਤੂਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ’ਚ ਨਿਰੰਤਰ ਸਫ਼ਲਤਾ ਦੀ ਕਾਮਨਾ ਕੀਤੀ। ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ।